
ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਦੀ ਨਿੱਜੀ ਸਮਾਗਮ ਦੌਰਾਨ ਮੰਗਣੀ ਹੋਈ।ਇਸ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਾਜ਼ਰੀ ਭਰੀ। ਜਿਸ ਉਤੇ ਕੁਝ ਸਿੱਖ ਜਥੇਬੰਦੀਆਂ ਨੇ ਸਖਤ ਇਤਰਾਜ਼ ਜਤਾਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਹੈ ਕਿ ਸਤਿਕਾਰਯੋਗ ਜਥੇਦਾਰ ਸਾਹਿਬ! ਮੇਰੇ ਵਰਗੇ ਨਿਮਾਣੇ ਸਿੱਖ ਨੂੰ ਅੱਜ ਬਹੁਤ ਠੇਸ ਪਹੁੰਚੀ ਜੇ। ਕੌਮ ਦਾ ਗੁਰੂ ਰਾਖਾ।
ਇਸ ਸਮਾਗਮ ਵਿੱਚ ਪਰਿਵਾਰਕ ਜੀਆਂ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਰਾਘਵ ਤੇ ਪਰਿਨੀਤੀ ਨੇ ਆਪੋ ਆਪਣੇ ਇੰਸਟਾਗ੍ਰਾਮ ਪੇਜਾਂ ‘ਤੇ ਤਸਵੀਰਾਂ ਸਣੇ ਮੰਗਣੀ ਦੀ ਖ਼ਬਰ ਸਾਂਝੀ ਕੀਤੀ।
ਕੇਂਦਰੀ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਸਮਾਗਮ ਹੋਇਆ ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਰਿਨੀਤੀ ਦੀ ਚਚੇਰੀ ਭੈਣ ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਸਣੇ 150 ਦੇ ਕਰੀਬ ਰਿਸ਼ਤੇਦਾਰ ਸ਼ਾਮਲ ਹੋਏ। ਸਮਾਗਮ ਸੁਖਮਨੀ ਸਾਹਿਬ ਦੇ ਪਾਠ ਨਾਲ ਸ਼ਾਮੀਂ ਪੰਜ ਵਜੇ ਸ਼ੁਰੂ ਹੋਇਆ। ਅਰਦਾਸ ਮਗਰੋਂ ਅੱਠ ਵਜੇ ਮੰਗਣੀ ਦੀ ਰਸਮ ਹੋਈ।
ਰਾਘਵ ਨੇ ਆਪਣੇ ਅੰਕਲ ਤੇ ਡਿਜ਼ਾਈਨਰ ਪਵਨ ਸਚਦੇਵਾ ਵੱਲੋਂ ਤਿਆਰ ਅਚਕਨ ਪਹਿਨੀ ਜਦੋਂ ਕਿ ਪਰਿਨੀਤੀ (34) ਨੇ ਮਨੀਸ਼ ਮਲਹੋਤਰਾ ਵੱਲੋਂ ਤਿਆਰ ਕੀਤੀ ਗਈ ਪੇਸਟਲ ਪੀਚ ਪੁਸ਼ਾਕ ਪਹਿਨੀ।
ਇਸੇ ਦੌਰਾਨ ਕਪੂਰਥਲਾ ਹਾਊਸ ਵਿੱਚ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।