PunjabPolitics

ਰਾਜਪਾਲ ਨੇ ਭਗਵੰਤ ਮਾਨ ਨੂੰ ਜਵਾਬ ਪੱਤਰ, ਕਿਹਾ-SSP ਕੁਲਦੀਪ ਚਾਹਲ ਨੂੰ ਮਾੜੇ ਵਤੀਰੇ ਕਾਰਨ ਹਟਾਇਆ

ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਸੀ। ਹੁਣ ਬੁੱਧਵਾਰ ਨੂੰ ਰਾਜਪਾਲ ਨੇ ਭਗਵੰਤ ਮਾਨ ਦੀ ਚਿੱਠੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਕੁਲਦੀਪ ਸਿੰਘ ਚਾਹਲ ਨੂੰ ਉਨ੍ਹਾਂ ਦੇ ਮਾੜੇ ਵਤੀਰੇ ਕਾਰਨ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਲਿਖਿਆ ਕਿ 28 ਨਵੰਬਰ ਨੂੰ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਚਾਹਲ ਬਾਰੇ ਟੈਲੀਫੋਨ ‘ਤੇ ਸੂਚਿਤ ਕੀਤਾ ਸੀ ਅਤੇ ਉਨ੍ਹਾਂ ਨੂੰ ਐਸਐਸਪੀ ਦੇ ਅਹੁਦੇ ਲਈ ਅਧਿਕਾਰੀਆਂ ਦਾ ਪੈਨਲ ਭੇਜਣ ਲਈ ਕਿਹਾ ਸੀ। ਉਨ੍ਹਾਂ ਅੱਗੇ ਲਿਖਿਆ ਕਿ ਮੁੱਖ ਸਕੱਤਰ ਨੇ 30 ਨਵੰਬਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਸ ਵਿੱਚ ਚਾਹਲ ਨੂੰ ਵਾਪਸ ਪੰਜਾਬ ਭੇਜਣ ਦੀ ਜਾਣਕਾਰੀ ਦਿੱਤੀ ਗਈ ਸੀ। ਰਾਜਪਾਲ ਨੇ ਅੱਗੇ ਲਿਖਿਆ ਕਿ ਕਿਉਂਕਿ ਤੁਸੀਂ (ਮੁੱਖ ਮੰਤਰੀ) ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸੀ, ਇਸ ਲਈ ਤੁਹਾਡੇ ਨਾਲ ਸੰਪਰਕ ਨਹੀਂ ਹੋ ਸਕਿਆ।

ਏਆਈਜੀ ਆਸ਼ੀਸ਼ ਕਪੂਰ ਮਾਮਲੇ ‘ਚ ਮੁੱਖ ਮੰਤਰੀ ਦਖਲ ਦੇਣ: ਰਾਜਪਾਲ
ਦੂਜੇ ਪਾਸੇ ਏਆਈਜੀ ਆਸ਼ੀਸ਼ ਕਪੂਰ ਦਾ ਮਾਮਲਾ ਰਾਜ ਦੇ ਰਾਜਪਾਲ ਕੋਲ ਪਹੁੰਚ ਗਿਆ ਹੈ। ਬੁੱਧਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮਾਮਲੇ ਨੂੰ ਸੁਲਝਾਉਣ ਲਈ ਦਖਲ ਦੇਣ ਲਈ ਕਿਹਾ ਹੈ। ਆਸ਼ੀਸ਼ ਕਪੂਰ ‘ਤੇ ਇਕ ਔਰਤ ਨੇ ਬਦਸਲੂਕੀ ਅਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ ਸੀ। ਰਾਜਪਾਲ ਨੇ ਮੀਡੀਆ ਵਿੱਚ ਛਪੀਆਂ ਖ਼ਬਰਾਂ ਅਤੇ ਤਤਕਾਲੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਦਾ ਹਵਾਲਾ ਦਿੰਦਿਆਂ ਇਸ ਮਾਮਲੇ ਵਿੱਚ ਮਿਲੀ ਸ਼ਿਕਾਇਤ ਦਾ ਨੋਟਿਸ ਲਿਆ ਹੈ।

Leave a Reply

Your email address will not be published.

Back to top button