IndiaPunjabSports

ਰਾਜ ਪੱਧਰੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀਆਂ ਨੂੰ ਪਖਾਨੇ ‘ਚ ਸੌਂਪਿਆ ਗਿਆ ਭੋਜਨ

ਸਹਾਰਨਪੁਰ ਵਿੱਚ ਰਾਜ ਪੱਧਰੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀਆਂ ਨੂੰ ਪਖਾਨੇ ਵਿੱਚ ਰੱਖਿਆ ਭੋਜਨ ਪਰੋਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਅਥਾਰਿਟੀਜ਼ ਨੇ ਅਣਗਹਿਲੀ ਵਰਤਣ ਵਾਲੇ ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰਕੇ ਸਬੰਧਤ ਕੇਟਰਰ ਨੂੰ ਬਲੈਕਲਿਸਟ ਕਰ ਦਿੱਤਾ ਹੈ।

ਜਾਂਚ ਦਾ ਜ਼ਿੰਮਾ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪਦਿਆਂ ਤਿੰਨ ਦਿਨਾਂ ‘ਚ ਰਿਪੋਰਟ ਮੰਗ ਲਈ ਗਈ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਠੇੇਕੇਦਾਰ ਤੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਨਸ਼ਰ ਹੋਈ ਹੈ, ਜਿਸ ਵਿੱਚ ਸਹਾਰਨਪੁਰ ਦੇ ਡਾ.ਭੀਮ ਰਾਓ ਅੰਬੇਦਕਰ ਸਟੇਡੀਅਮ ਵਿੱਚ ਕੁੜੀਆਂ ਦੇ ਸਬ-ਜੂਨੀਅਰ ਕਬੱਡੀ ਟੂਰਨਾਮੈਂਟ ਵਿੱਚ ਸ਼ਾਮਲ ਅਥਲੀਟਾਂ ਨੂੰ ਪਖਾਨੇ ਵਿੱਚ ਰੱਖੇ ਚੌਲ ਤੇ ‘ਪੂਰੀਆਂ’ ਖਾਣ ਲਈ ਦਿੱਤੇ ਜਾ ਰਹੇ ਹਨ। ਇਹ ਟੂਰਨਾਮੈਂਟ 16 ਤੋਂ 18 ਸਤੰਬਰ ਦਰਮਿਆਨ ਖੇਡਿਆ ਗਿਆ ਸੀ, ਜਿਸ ਵਿੱਚ ਰਾਜ ਦੀਆਂ 16 ਡਿਵੀਜ਼ਨਾਂ ਦੇ 300 ਤੋਂ ਵੱਧ ਖਿਡਾਰੀ ਸ਼ਾਮਲ ਹੋੲੇ। ਵਧੀਕ ਮੁੱਖ ਸਕੱਤਰ (ਖੇਡਾਂ) ਨਵਨੀਤ ਸਹਿਗਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਹਾਰਨਪੁਰ ਦੇ ਜ਼ਿਲ੍ਹਾ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਅੱਜ ਜਾਰੀ ਬਿਆਨ ਵਿਚ ਸਹਿਗਲ ਨੇ ਕਿਹਾ, ”ਮਾਮਲੇ ਦੀ ਜਾਂਚ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪ ਦਿੱਤੀ ਹੈ।

ਖਿਡਾਰੀਆਂ ਲਈ ਭੋਜਨ ਤਿਆਰ ਕਰਨ ਵਾਲੇ ਖਾਨਸਾਮੇ ਤੇ ਸਬੰਧਤ ਕੇਟਰਰ ਨੂੰ ਬਲੈਕਲਿਸਟ ਕਰ ਦਿੱਤਾ ਹੈ। ਇਨ੍ਹਾਂ ਨੂੰ ਭਵਿੱਖ ‘ਚ ਕੰਮ ਨਾ ਦੇਣ ਲਈ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।” ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਖੇਡ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਕਰ ਦਿੱਤੇ ਹਨ ਕਿ ਖਿਡਾਰੀਆਂ ਨੂੰ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਾਮਲੇ ਵਿੱਚ ਭਵਿੱਖ ‘ਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਧਰ ਜ਼ਿਲ੍ਹਾ ਮੈਜਿਸਟਰੇਟ ਅਖਿਲੇਸ਼ ਸਿੰਘ ਨੇ ਕਿਹਾ ਕਿ ਵਧੀਕ ਜ਼ਿਲ੍ਹਾ ਜੱਜ (ਵਿੱਤ ਤੇ ਮਾਲੀਆ) ਰਜਨੀਸ਼ ਕੁਮਾਰ ਮਿਸ਼ਰਾ ਵੱਲੋਂ ਜਾਂਚ ਕਰਕੇ ਤਿੰਨ ਦਿਨਾਂ ਅੰਦਰ ਰਿਪੋਰਟ ਸੌਂਪੀ ਜਾਵੇਗੀ।

Leave a Reply

Your email address will not be published.

Back to top button