Punjab

ਰੇਲਵੇ ਅਧਿਕਾਰੀ ਦੇ 17 ਸਾਲਾ ਪੁੱਤ ਦਾ ਅਗਵਾਕਾਰਾਂ ਨੇ ਕੀਤਾ ਕਤਲ

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਰੇਲਵੇ ਵਿਭਾਗ ਦੇ ਜੂਨੀਅਰ ਇੰਜਨੀਅਰ ਦੇ 17 ਸਾਲਾ ਪੁੱਤਰ ਦਾ ਅਗਵਾਕਾਰਾਂ ਨੇ ਕਤਲ ਕਰ ਦਿੱਤਾ ਹੈ। ਪੁਲੀਸ ਨੇ ਮੱਲਾਂਵਾਲਾ ਨੇੜੇ ਗੰਗ ਨਹਿਰ ਵਿੱਚੋਂ ਲਾਸ਼ ਬਰਾਮਦ ਕੀਤੀ।ਪਰਿਵਾਰਿਕ ਮੈਂਬਰਾ ਨੇ ਮ੍ਰਿਤਕ ਦੇ ਦੋਸਤ ਅਤੇ ਉਸ ਦੇ ਨਾਲ ਆਉਣ ਵਾਲੇ ਇਕ ਵਿਅਕਤੀ ‘ਤੇ ਅਗਵਾ ਅਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਹੈ। ਪੁਲਸ ਨੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਦੇ ਸਾਥੀ ਦੀ ਭਾਲ ਜਾਰੀ ਹੈ।
ਮ੍ਰਿਤਕ ਸਾਰਥਕ ਦੇ ਪਿਤਾ ਅਮਨ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੇ 17 ਸਾਲਾ ਲੜਕੇ ਸਾਰਥਕ ਨੂੰ 20 ਲੱਖ ਦੀ ਫਿਰੌਤੀ ਦੀ ਮੰਗ ਕਰਦਿਆਂ ਅਗਵਾ ਕਰ ਲਿਆ ਗਿਆ ਸੀ ਪਰ ਅਗਵਾਕਾਰਾਂ ਨੇ ਪੁਲੀਸ ਵੱਲੋਂ ਜਾਂਚ ਸ਼ੁਰੂ ਕਰਨ ’ਤੇ ਭੇਤ ਸਾਹਮਣੇ ਆਉਣ ਦੇ ਡਰੋਂ ਉਸ ਦਾ ਕਤਲ ਕਰ ਦਿੱਤਾ। ਹਾਲਾਂਕਿ, ਫਿਰੌਤੀ ਦੀ ਮੰਗ ਦੀ ਪੁਸ਼ਟੀ ਹੋਣੀ ਬਾਕੀ ਹੈ।
ਮ੍ਰਿਤਕ ਸਾਰਥਕ ਦੇ ਪਿਤਾ ਅਮਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਬਜ਼ੀ ਲੈ ਕੇ ਆਇਆ ਸੀ। ਪੁੱਤਰ ਗਲੀ ‘ਚ ਮਿਲਿਆ, ਜੋ ਸਬਜ਼ੀ ਲੈ ਕੇ ਘਰ ਦੇ ਅੰਦਰ ਰੱਖ ਕੇ ਫਿਰ ਬਾਹਰ ਚਲਾ ਗਿਆ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਇਆ ਤਾਂ ਉਸ ਦੇ ਫੋਨ ’ਤੇ ਫੋਨ ਕੀਤਾ ਪਰ ਵਾਰ-ਵਾਰ ਫੋਨ ਕਰਨ ’ਤੇ ਵੀ ਉਹ ਰਿਸੀਵ ਨਹੀਂ ਹੋਇਆ ਅਤੇ ਫਿਰ ਅਚਾਨਕ ਫੋਨ ਬੰਦ ਹੋ ਗਿਆ। ਅਮਨ ਨੇ ਦੱਸਿਆ ਕਿ ਪਤਨੀ ਨੇ ਸਾਰਥਕ ਦੇ ਦੋਸਤ ਗੌਰਵ ਨੂੰ ਫੋਨ ਕੀਤਾ ਅਤੇ ਗੌਰਵ ਨੇ ਕਿਹਾ ਕਿ ਸਾਰਥਕ ਉਸ ਦੇ ਨਾਲ ਨਹੀਂ ਹੈ। ਫਿਰ ਗੌਰਵ ਨੂੰ ਘਰ ਬੁਲਾਇਆ ਗਿਆ ਪਰ ਉਹ ਨਹੀਂ ਆਇਆ। ਫਿਰ ਪਤਨੀ ਨੇ ਪੁੱਤਰ ਸਾਰਥਕ ਦੇ ਮੋਬਾਈਲ ‘ਤੇ ਕਾਲ ਕੀਤੀ ਤਾਂ ਉਥੇ ਕੋਈ ਹੋਰ ਬੋਲ ਰਿਹਾ ਸੀ, ਜਿਸ ਨੂੰ ਪਤਨੀ ਨੇ ਉਸ ਦੀ ਆਵਾਜ਼ ਤੋਂ ਪਛਾਣ ਲਿਆ। ਹੁਣ ਗੌਰਵ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਸਾਰਥਕ ਦਾ ਕਤਲ ਕਰਨ ਤੋਂ ਬਾਅਦ ਲਾਸ਼ ਗੰਗ ਨਹਿਰ ਦੇ ਕੰਢੇ ਮੱਲਾਂਵਾਲਾ ਕੋਲ ਸੁੱਟ ਦਿੱਤੀ ਸੀ।

Leave a Reply

Your email address will not be published.

Back to top button