
ਪੰਚਕੂਲਾ ਪੁਲਿਸ ਨੂੰ ਵਾਹਨ ਚੋਰੀ ਦੇ ਮਾਮਲੇ ‘ਚ ਵੱਡੀ ਕਾਮਯਾਬੀ ਮਿਲੀ ਹੈ। ਕ੍ਰਾਈਮ ਬ੍ਰਾਂਚ 26 ਦੀ ਟੀਮ ਨੇ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਵਾਹਨ ਅਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ ਹੈ। ਕ੍ਰਾਈਮ ਬ੍ਰਾਂਚ 26 ਨੇ ਵਾਹਨ ਚੋਰੀ ਕਰਨ ਵਾਲੇ ਇਸ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੰਚਕੂਲਾ ਦੇ ਡੀਸੀਪੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਚਕੂਲਾ ਤੋਂ ਕੁਝ ਸਮਾਂ ਪਹਿਲਾਂ 4 ਐਸਯੂਵੀ ਗੱਡੀਆਂ ਚੋਰੀ ਹੋਣ ਦੀ ਘਟਨਾ ਵਾਪਰੀ ਸੀ। ਜਿਸ ਵਿੱਚ 3 ਸਕਾਰਪੀਓ ਅਤੇ 1 ਇਨੋਵਾ ਗੱਡੀ ਚੋਰੀ ਹੋ ਗਈ। ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ ਸੈਕਟਰ 26 ਦੇ ਇੰਚਾਰਜ ਸਿੰਘਰਾਜ ਸਿੰਘ ਦੀ ਟੀਮ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ ਵਾਸੀ ਬੱਕਰਵਾਲਾ ਦਿੱਲੀ, ਪ੍ਰਕਾਸ਼ ਚੰਦ ਪੁੱਤਰ ਪਿੰਡ ਗਦਰਾ ਜ਼ਿਲ੍ਹਾ ਬਾੜਮੇਰ ਰਾਜਸਥਾਨ, ਅਮਿਤ ਕੁਮਾਰ ਵਾਸੀ ਰਥਪੁਰ ਕਲੌਨੀ ਪਿੰਜੌਰ ਅਤੇ ਸ਼ਿਵ ਨਾਥ ਉਰਫ਼ ਸੋਨੂੰ ਉਰਫ਼ ਪ੍ਰਧਾਨ ਵਾਸੀ ਕਿਨੋਨੀ ਮੇਰਠ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਮਨੋਜ ਖਿਲਾਫ ਕਰੀਬ 165 ਮਾਮਲੇ ਦਰਜ ਹਨ। ਡੀਸੀਪੀ ਪੰਚਕੂਲਾ ਨੇ ਦੱਸਿਆ ਕਿ ਮੁਲਜ਼ਮ ਮਨੋਜ ਕੁਮਾਰ ਵਾਸੀ ਬੱਕਰਵਾਲਾ ਦਿੱਲੀ ਖ਼ਿਲਾਫ਼ ਹੋਰ ਜ਼ਿਲ੍ਹਿਆਂ ਅਤੇ ਰਾਜਾਂ (ਦਿੱਲੀ, ਗੁੜਗਾਉਂ, ਇੰਦੌਰ, ਲੁਧਿਆਣਾ, ਝੱਜਰ ਅਤੇ ਕਰਨਾਲ) ਵਿੱਚ ਲੁੱਟ-ਖੋਹ, ਡਕੈਤੀ, ਚੋਰੀ, ਨਜਾਇਜ਼ ਵਸੂਲੀ, ਧੋਖਾਧੜੀ, ਨਜਾਇਜ਼ ਹਥਿਆਰ ਰੱਖਣ ਦੇ 165 ਕੇਸ ਦਰਜ ਹਨ। ਜਿਸ ਵਿੱਚ ਜ਼ਿਆਦਾਤਰ ਮਾਮਲੇ ਚੋਰੀ ਦੇ ਹਨ।
ਇਸ ਦੇ ਨਾਲ ਹੀ ਮੁਲਜ਼ਮ ਪ੍ਰਕਾਸ਼ ਚੰਦ, ਅਮਿਤ ਕੁਮਾਰ ਅਤੇ ਸ਼ਿਵ ਨਾਥ ਉਰਫ਼ ਸੋਨੂੰ ਉਰਫ਼ ਪ੍ਰਧਾਨ ਖ਼ਿਲਾਫ਼ ਚੋਰੀ ਦੇ ਕਰੀਬ 17 ਕੇਸ ਦਰਜ ਹਨ। ਜਿਸ ਤੋਂ ਗੁਰੂਗ੍ਰਾਮ ‘ਚ ਕਰੀਬ 17 ਵਾਹਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਹ ਜ਼ੀਰਕਪੁਰ, ਢਕੌਲੀ, ਮੁਹਾਲੀ ਅਤੇ ਪੰਚਕੂਲਾ ਵਿੱਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।