
ਜਲੰਧਰ ਥਾਣਾ ਨਵੀਂ ਬਾਰਾਦਰੀ ਦੇ ਬੱਸ ਸਟੈਂਡ ਨੇੜੇ ਫਲਾਈਓਵਰ ‘ਤੇ ਵੀਰਵਾਰ ਦੇਰ ਰਾਤ ਨਸ਼ੇ ‘ਚ ਧੁੱਤ ਵਿਅਕਤੀ ਨੇ ਨਾਈਟ ਡੋਮੀਨੇਸ਼ਨ ‘ਤੇ ਨਿਕਲੇ ਏਸੀਪੀ ਜਤਿੰਦਰਪਾਲ ਸਿੰਘ ਦੀ ਗੱਡੀ ਨੂੰ ਪਿੱਿਛਓਂ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਦੌਰਾਨ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ। ਹਾਦਸੇ ਦੌਰਾਨ ਏਸੀਪੀ ਦਾ ਗੰਨਮੈਨ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਜ਼ਦੀਕੀ ਡਾਕਟਰ ਕੋਲ ਪਹੁੰਚਾਇਆ ਗਿਆ। ਏਸੀਪੀ ਜਤਿੰਦਰਪਾਲ ਸਿੰਘ ਆਪਣੇ ਗੰਨਮੈਨ ਤੇ ਡਰਾਈਵਰ ਨਾਲ ਗੱਡੀ ‘ਚ ਸਵਾਰ ਹੋ ਕੇ ਨਾਈਟ ਡੋਮੀਨੇਸ਼ਨ ਲਈ ਸੰਵਿਧਾਨ ਚੌਕ (ਬੀਐੱਮਸੀ ਚੌਕ) ਤੋਂ ਬੀਐੱਸਐੱਫ ਚੌਕ ਵੱਲ ਜਾ ਰਹੇ ਸਨ। ਜਦੋਂ ਉਹ ਬੱਸ ਸਟੈਂਡ ਫਲਾਈਓਵਰ ‘ਤੇ ਪੁੱਜੇ ਤਾਂ ਪਿੱਿਛਓਂ ਆ ਰਹੀ ਹੋਂਡਾ ਸਿਟੀ ਕਾਰ ਦੇ ਚਾਲਕ ਨੇ ਏਸੀਪੀ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਤੇਜ਼ ਰਫ਼ਤਾਰ ਹੋਂਡਾ ਸਿਟੀ ਕਾਰ ਦੀ ਟੱਕਰ ਏਸੀਪੀ ਦੀ ਗੱਡੀ ਫੁਟਪਾਥ ‘ਤੇ ਚੜ੍ਹ ਗਈ ਤੇ ਬੁਰੀ ਤਰ੍ਹਾਂ ਨੁਕਸਾਨ ਗਈ।