
ਪੰਜਾਬ ਪੁਲਸ ਦਾ ਡੀ. ਐੱਸ. ਪੀ. ਜਾਂ ਇੰਸਪੈਕਟਰ ਬਣ ਕੇ ਥਾਣਿਆਂ ‘ਚ ਆਉਣ ਵਾਲੇ ਲੋਕਾਂ ਨੂੰ ਕੰਮ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਨਕਲੀ ਪੁਲਸ ਵਾਲੇ ਨੂੰ ਕਮਿਸ਼ਨਰੇਟ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਤੋਂ ਪੁਲਸ ਦੀ ਵਰਦੀ, ਠੱਗੀ ‘ਚ ਵਰਤੀ ਐਕਟਿਵਾ ਤੇ ਜਾਅਲੀ ਆਈ. ਡੀ. ਕਾਰਡ ਬਰਾਮਦ ਹੋਇਆ ਹੈ।
ਮੁਲਜ਼ਮ ਮੁਹੱਲਾ ਮਨੋਹਰ ਨਗਰ ਦਾ ਸੁਖਮਨਜੀਤ ਸਿੰਘ ਹੈ, ਜਦੋਂਕਿ ਉਸ ਦਾ ਸਾਥੀ ਮੱਖਣ ਅਜੇ ਫਰਾਰ ਹੈ। ਥਾਣਾ ਡਵੀਜ਼ਨ ਨੰ. 7 ‘ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਏ. ਸੀ. ਪੀ. (ਪੂਰਬੀ) ਗੁਰਦੇਵ ਸਿੰਘ ਤੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਵਿਚ ਇਕ ਵਿਅਕਤੀ ਬੰਦ ਸੀ। ਥਾਣੇ ਦੇ ਮੁਨਸ਼ੀ ਨੂੰ ਇਕ ਵਿਅਕਤੀ ਦੀ ਕਾਲ ਆਈ ਤੇ ਉਸ ਨੇ ਆਪਣੇ-ਆਪ ਨੂੰ ਡੀ. ਐੱਸ. ਪੀ. ਦੱਸਿਆ ਅਤੇ ਬੰਦ ਨੌਜਵਾਨ ਨੂੰ ਛੱਡਣ ਲਈ ਕਿਹਾ। ਜਦੋਂ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆਇਆ ਤਾਂ ਉਨ੍ਹਾਂ ਨੇ ਆਪਣੇ ਤੌਰ ‘ਤੇ ਪਤਾ ਕੀਤਾ ਕਿ ਇਸ ਨਾਂ ਦਾ ਕੋਈ ਅਧਿਕਾਰੀ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ‘ਤੇ ਸੀ ਤਾਂ ਉਕਤ ਮੁਲਜ਼ਮ ਸਬੰਧੀ ਸੂਚਨਾ ਮਿਲੀ ਕਿ ਮੁਲਜ਼ਮ ਤਾਜਪੁਰ ਰੋਡ ਸਥਿਤ ਅੰਮ੍ਰਿਤ ਧਰਮਕੰਡੇ ਕੋਲ ਪੰਜਾਬ ਪੁਲਸ ਦਾ ਇੰਸਪੈਕਟਰ ਬਣ ਕੇ ਖੜ੍ਹਾ ਹੈ।
ਸੂਚਨਾ ਮਿਲਣ ਤੋਂ ਬਾਅਦ ਉੱਥੇ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਸੁਖਮਨਜੀਤ ਸਿੰਘ ਨੂੰ ਫੜ ਲਿਆ ਗਿਆ, ਜਦੋਂਕਿ ਉਸ ਦਾ ਸਾਥੀ ਮੱਖਣ ਫਰਾਰ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਮੁਲਜ਼ਮ ਮੱਖਣ ਥਾਣੇ ਦੇ ਅੰਦਰ ਜਾਂਦਾ ਸੀ ਅਤੇ ਰੇਕੀ ਕਰਦਾ ਸੀ ਕਿ ਕਿਸ ਵਿਅਕਤੀ ਦਾ ਕੀ ਕੇਸ ਚੱਲ ਰਿਹਾ ਹੈ ਤੇ ਸਾਰੀ ਕਹਾਣੀ ਬਾਹਰ ਆ ਕੇ ਸੁਖਮਨਜੀਤ ਸਿੰਘ ਨੂੰ ਦੱਸਦਾ ਸੀ। ਜਦੋਂ ਲੋਕ ਬਾਹਰ ਆਉਂਦੇ ਤਾਂ ਮੁਲਜ਼ਮ ਉਨ੍ਹਾਂ ਨੂੰ ਝਾਂਸਾ ਦਿੰਦੇ ਸਨ ਕਿ ਉਹ ਉਨ੍ਹਾਂ ਦੀ ਸੈਟਿੰਗ ਕਰਵਾ ਕੇ ਮਾਮਲਾ ਪੂਰੀ ਤਰ੍ਹਾਂ ਰਫਾ-ਦਫਾ ਕਰਵਾ ਸਕਦੇ ਹਨ, ਜਿਸ ਤੋਂ ਬਾਅਦ ਮੁਲਜ਼ਮ ਪੁਲਸ ਦੇ ਨਾਂ ‘ਤੇ ਪੈਸੇ ਲੈ ਕੇ ਫਰਾਰ ਹੋ ਜਾਂਦੇ ਸਨ।