ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੇ ਜਾਣ ਮਗਰੋਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਚਰਚਾ ਤਾਂ ਇਹ ਛਿੜੀ ਹੈ ਕਿ ਹੁਣ ਪਾਰਟੀ ਨੂੰ ਛੱਡ ਕੇ ਗਏ ਟਕਸਾਲੀ ਲੀਡਰਾਂ ਦੀ ਅਕਾਲੀ ਦਲ ਵਿੱਚ ਵਾਪਸੀ ਹੋਏਗੀ। ਦੂਜੀ ਚਰਚਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਹੋ ਸਕਦਾ ਹੈ।
ਬੇਸ਼ੱਕ ਬੀਜੇਪੀ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਬਾਰੇ ਅਜੇ ਦੋਵਾਂ ਧਿਰਾਂ ਵੱਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ ਪਰ ਟਕਸਾਲੀ ਲੀਡਰਾਂ ਦੀ ਵਾਪਸੀ ਬਾਰੇ ਕਵਾਇਦ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਹੋ ਸਕਦੀ ਹੈ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਚਾਰ ਸਾਲ ਵੱਖ ਰਹਿਣ ਮਗਰੋਂ ਮੁੜ ਸੁਖਬੀਰ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਸਕਦਾ ਹੈ।