
ਲੋਕ ਸਭਾ ਚੋਣਾਂ ਲਈ ਆਪ ਨੇ ਪੰਜਾਬ ਦੇ 8 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ‘ਚ ਖਡੂਰ ਸਾਹਿਬ ਤੋਂ ਲਾਲਜੀਰ ਭੁੱਲਰ, ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ, ਸੰਗਰੂਰ ਤੋਂ ਮੀਤ ਹੇਅਰ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਫਤਿਹਗੜ੍ਹ ਤੋਂ ਗੁਰਪ੍ਰੀਤ ਸਿੰਘ ਜੀਪੀ, ਫਰੀਦਕੋਟ ਤੋਂ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ।
ਬਾਕੀ ਰਹਿੰਦੇ 5 ਉਮੀਦਵਾਰਾਂ ਦੇ ਨਾਮ ‘ਤੇ ਪਾਰਟੀ ਨੇ ਅੰਦਰ ਖਾਤੇ ਮੋਹਰ ਲਗਾ ਦਿੱਤੀ ਹੈ। ਤੇ ਜਲਦ ਹੀ ਇਸ ਦਾ ਐਲਾਨ ਹੋ ਸਕਦਾ ਹੈ।
ਦੂਸਰੀ ਲਿਸਟ ਵਿੱਚ ਆਮ ਆਦਮੀ ਪਾਰਟੀ 5 ਵਿਚੋਂ 2 ਆਪਣੇ ਵੱਡੇ ਲੀਡਰ ਚੋਣ ਮੈਦਾਨ ‘ਚ ਉਤਾਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸੀਟਾਂ ‘ਤੇ ਨਾਮ ਲਗਭਗ ਤੈਅ ਹਨ ਤੇ ਹੁਣ ਸਿਰਫ਼ ਐਲਾਨ ਹੋਣਾ ਬਾਕੀ ਹੈ। ਪੰਜਾਬ ਦੀਆਂ ਇਨ੍ਹਾਂ 5 ਬਾਕੀ ਸੀਟਾਂ ਵਿੱਚੋਂ ਲੁਧਿਆਣਾ ਨੂੰ ਸਭ ਤੋਂ ਅਹਿਮ ਸੀਟ ਮੰਨਿਆ ਜਾਂਦਾ ਹੈ।
‘ਆਪ’ ਵੱਲੋਂ ਹੋਰ ਅਹਿਮ ਸੀਟ ਸ੍ਰੀ ਆਨੰਦਪੁਰ ਸਾਹਿਬ ਲਈ ਮਾਲਵਿੰਦਰ ਸਿੰਘ ਕੰਗ ਦਾ ਨਾਂ ਅੱਗੇ ਰੱਖਿਆ ਜਾ ਰਿਹਾ ਹੈ। ਮਾਲਵਿੰਦਰ ਸਿੰਘ ਕੰਗ ਪਾਰਟੀ ਦੇ ਬੁਲਾਰੇ ਹੋਣ ਦੇ ਨਾਲ-ਨਾਲ ਵਧੀਆ ਬੁਲਾਰੇ ਵੀ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਕਾਂਗਰਸ ਦੇ ਮਨੀਸ਼ ਤਿਵਾੜੀ ਹਨ ਪਰ ਇੱਥੇ ਰਾਣਾ ਗੁਰਜੀਤ ਵੀ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ। ਜੇਕਰ ਕਾਂਗਰਸ ਇਨ੍ਹਾਂ ਦੋ ਨੇਤਾਵਾਂ ‘ਚੋਂ ਕਿਸੇ ਇਕ ਨੂੰ ਵੀ ਨਾਰਾਜ਼ ਕਰਦੀ ਹੈ ਤਾਂ ‘ਆਪ’ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।