ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ ਦੀ ਬੜ੍ਹਕ ਮਗਰੋਂ ਪੰਜਾਬ ਪੁਲਿਸ ਨੇ ਯੂ-ਟਰਨ ਲੈ ਲਿਆ ਹੈ। ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦਰਜ ਐਫਆਈਆਰ ਵਿੱਚੋਂ ਲੱਖਾ ਸਿਧਾਣਾ ਦਾ ਨਾਂ ਹਟਾ ਦਿੱਤਾ ਹੈ। ਲੱਖਾ ਦੇ ਹਮਾਇਤੀਆਂ ਨੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਸੀ।
ਦੱਸ ਦਈਏ ਕਿ ਕਰੀਬ ਇੱਕ ਮਹੀਨੇ ਬਾਅਦ ਤਰਨ ਤਾਰਨ ਪੁਲਿਸ ਨੇ ਯੂ-ਟਰਨ ਲਿਆ ਹੈ। ਇਸ ਐਫਆਈਆਰ ਵਿੱਚ ਪੁਲਿਸ ਨੇ ਲੱਖਾ ਸਿਧਾਣਾ ਦੇ ਨਾਲ-ਨਾਲ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਤੇ 9 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਸਲ ਜਾਣਕਾਰੀ ਅਨੁਸਾਰ ਐਫਆਈਆਰ ਵਿੱਚ ਲੱਖਾ ਸਿਧਾਣਾ ਤੇ ਲਖਬੀਰ ਸਿੰਘ ਤੋਂ ਇਲਾਵਾ ਨਛੱਤਰ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਅਨਮੋਲ ਸੋਨੀ, ਚੜ੍ਹਤ ਸਿੰਘ, ਗੁਰਜੰਟ ਸਿੰਘ, ਮਹਾਂਵੀਰ ਸਿੰਘ, ਸੁਖਦੇਵ ਸਿੰਘ ਤੇ ਦਲਜੀਤ ਸਿੰਘ ਦੇ ਨਾਮ ਦਰਜ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ 2 ਸਤੰਬਰ ਨੂੰ ਫਿਰੌਤੀ ਮੰਗਣ ਤੇ ਸਰਹੱਦ ਪਾਰੋਂ ਹਥਿਆਰ ਤੇ ਨਸ਼ੀਲੇ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।