ਪੰਜਾਬ ‘ਆਪ’ ਸਰਕਾਰ ਨੂੰ ਲੈ ਕੇ ਇੱਕ ਵਡੀ ਖਬਰ ਸਾਹਮਣੇ ਆਈ ਹੈ। ਇਸ ਖਬਰ ਮੁਤਾਬਿਕ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਲੀ ‘ਭਾਜਪਾ’ ਲੀਡਰ ਤਜਿੰਦਰ ਬੱਗਾ ਅਤੇ ਕਵੀ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ FIR ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਫੈਸਲਾ ਦਿੰਦੇ ਹੋਏ ਕਿਹਾ ਕਿ ਤਜਿੰਦਰ ਨੇ ਨਾ ਹੀ ਪੰਜਾਬ ਆ ਕੇ ਕੋਈ ਟਵੀਟ ਕੀਤਾ ਤੇ ਨਾ ਹੀ ਉਹਨਾਂ ਦੇ ਟਵੀਟ ਭੜਕਾਉਣ ਵਾਲੇ ਸਨ ਅਤੇ ਪਲੀਟਿਕਲ ਲੀਡਰ ਇੱਕ-ਦੂਜੇ ਲਈ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ।
ਜਾਣਕਾਰੀ ਮੁਤਾਬਿਕ ਭਾਜਪਾ ਲੀਡਰ ਤਜਿੰਦਰ ਬੱਗਾ ‘ਤੇ ਕੇਜਰੀਵਾਲ ਨੂੰ ਲੈ ਕੇ ਟਵੀਟ ਕਰਨ ‘ਤੇ ਕੇਸ ਦਰਜ ਹੋਇਆ ਸੀ। ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਨੂੰ ਖ਼ਾਲਿਸਤਾਨ ਦਾ ਸਮਰਥਕ ਕਿਹਾ ਸੀ। ਜਿਸ ਕਾਰਨ ਕੁਮਾਰ ਵਿਸ਼ਵਾਸ ਤੇ ਰੋਪੜ ‘ਚ ਕੇਸ ਦਰਜ ਹੋਇਆ। ਕੁਮਾਰ ਵਿਸ਼ਵਾਸ ਨੂੰ ਨੋਟਿਸ ਭੇਜ ਕੇ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ। ਜਿਸ ਕਾਰਨ ਕੁਮਾਰ ਵਿਸ਼ਵਾਸ ਨੇ ਹਾਈਕੋਰਟ ‘ਚ ਪਟੀਸ਼ਨ ਪਾਈ ਸੀ।
ਪੰਜਾਬ ਪੁਲਿਸ ਨੇ ਬੱਗਾ ਨੂੰ ਦਿੱਲੀ ਜਾ ਕੇ ਗ੍ਰਿਫ਼ਤਾਰ ਕਰ ਲਿਆ ਸੀ। ਤਜਿੰਦਰ ਬੱਗਾ ਦੇ ਪਰਿਵਾਰ ਨੇ ਦਿੱਲੀ ‘ਚ ਕਿਡਨੈਪਿੰਗ ਦੀ ਸ਼ਿਕਾਇਤ ਦਰਜ ਕਰਾਉਂਦੇ ਹੋਏ ਪੰਜਾਬ ਪੁਲਿਸ ਵਲੋਂ ਤਜਿੰਦਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ। ਫਿਰ ਤਜਿੰਦਰ ਬੱਗਾ ਨੂੰ ਲਿਆ ਰਹੀ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ‘ਚ ਰੋਕ ਲਿਆ।