ਵਿਆਹ ਡੋਲੀ ਵਾਲੀ ਕਾਰ ਦਰੱਖਤ ਨਾਲ ਟਕਰਾਈ; ਲਾੜੇ ਸਮੇਤ 6 ਬਰਾਤੀ ਜ਼ਖ਼ਮੀ
The wedding car crashed into a tree;
ਬਿਲਾਸਪੁਰ ਤੋਂ ਗੁਰਦਾਸਪੁਰ ਵਿੱਚ ਵਿਆਹ ਕਰਨ ਲਈ ਆ ਰਹੇ ਇੱਕ ਪਰਿਵਾਰ ਦੀ ਲਾੜੇ ਵਾਲੀ ਕਾਰ ਬੇਕਾਬੂ ਹੋ ਕੇ ਮੁਕੇਰੀਆਂ-ਤਲਵਾੜਾ ਮਾਰਗ ‘ਤੇ ਪੈਂਦੇ ਪਿੰਡ ਹਵੇਲ ਚਾਂਗ ਕੋਲ ਦਰੱਖਤ ਨਾਲ ਟਕਰਾ ਜਾਣ ਕਾਰਨ ਡਰਾਈਵਰ ਅਤੇ ਲਾੜੇ ਦੀ ਭੈਣ ਗੰਭੀਰ ਜ਼ਖਮੀ ਹੋ ਗਏ, ਜਦੋਂਕਿ ਕਾਰ ਵਿੱਚ ਸਵਾਰ ਚਾਰ ਹੋਰ ਜਣਿਆਂ ਨੂੰ ਵੀ ਸੱਟਾਂ ਲੱਗੀਆਂ।
ਜ਼ਖਮੀਆਂ ਨੂੰ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਗੰਭੀਰ ਜ਼ਖਮੀ ਹੋਇਆ ਡਰਾਈਵਰ ਤੇ ਇੱਕ ਮਹਿਲਾ ਜ਼ੇਰੇ ਇਲਾਜ ਹਨ।
ਹਸਪਤਾਲ ਵਿੱਚ ਜ਼ੇਰੇ ਇਲਾਜ ਡਰਾਈਵਰ ਨਗਿੰਦਰ ਸਿੰਘ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਕਸਬਾ ਬਿਲਾਸਪੁਰ ਤੋਂ ਲੜਕੇ ਦੇ ਵਿਆਹ ਲਈ ਲਾੜੇ ਵਾਲੀ ਕਾਰ ਲੈ ਕੇ ਗੁਰਦਾਸਪੁਰ ਜਾ ਰਹੇ ਸਨ। ਕਾਰ ‘ਚ ਲਾੜੇ ਸਮੇਤ ਕੁੱਲ 6 ਜਣੇ ਸਵਾਰ ਸਨ ਅਤੇ ਇਹ ਸਾਰੇ ਹੀ ਵਿਆਹ ਸਮਾਗਮ ਲਈ ਤੜਕੇ ਕਰੀਬ 2 ਵਜੇ ਹਮੀਰਪੁਰ ਤੋਂ ਚੱਲੇ ਸਨ। ਜਿਵੇਂ ਹੀ ਉਹ ਤਲਵਾੜਾ-ਮੁਕੇਰੀਆਂ ਮਾਰਗ ‘ਤੇ ਪੈਂਦੇ ਪਿੰਡ ਹਵੇਲ ਚਾਂਗ ਨੇੜੇ ਪਹੁੰਚੇ ਤਾਂ ਕਾਰ ਦੇ ਬੇਕਾਬੂ ਹੋ ਜਾਣ ਕਾਰਨ ਇਹ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਉਸ (ਡਰਾਈਵਰ) ਸਮੇਤ 5 ਜਣੇ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂਕਿ ਚਾਰ ਨੂੰ ਮਾਮੂਲੀ ਸੱਟਾ ਲੱਗਣ ਕਾਰਨ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।