Punjab

ਵਿਜੀਲੈਂਸ ਵਲੋਂ ਰਿਸ਼ਵਤ ਲੈਂਦੀ ਮਹਿਲਾ ASI ਰੰਗੇ-ਹਥੀ ਗ੍ਰਿਫਤਾਰ, 20,000 ਰਿਸ਼ਵਤ ਲੈਣ ਦੇ ਦੋਸ਼ ‘ਚ ਮੁਨਸ਼ੀ ਕਾਬੂ

ਵਿਜੀਲੈਂਸ ਦੀ ਟੀਮ ਨੇ ਫਰੀਦਕੋਟ ਵੂਮੈਨ ਸੈੱਲ ਵਿਚ ਤਾਇਨਾਤ ਮਹਿਲਾ ਏਐੱਸਆਈ ਹਰਜਿੰਦਰ ਕੌਰ ਨੂੰ 75 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਮਹਿਲਾ ASI ਨੂੰ ਸ਼ਿਕਾਇਤਕਰਤਾ ਮਨਜੀਤ ਕੌਰ ਵਾਸੀ ਪਿੰਡ ਝਖਰਵਾਲਾ ਤਹਿਸੀਲ ਜੈਤੋ ਫਰੀਦਕੋਟ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਮਨਜੀਤ ਕੌਰ ਨੇ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਵਿਆਹ 3 ਫਰਵਰੀ 2016 ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਵਾਸੀ ਗੁਰਸਿਮਰਤ ਸਿੰਘ ਨਾਲ ਹੋਇਆ ਸੀ। ਉਹ ਕੈਨੇਡਾ ਦਾ ਨਾਗਰਿਕ ਹੈ। ਉਸ ਨੇ NRI ਪਤੀ ਖਿਲਾਫ ਐੱਸਐੱਸਪੀ ਦਫਤਰ ਫਰੀਦਕੋਟ ਵਿਚ 60 ਲੱਖ ਰੁਪਏ ਦੀ ਠੱਗੀ ਕਰਨ ਦੀ ਸ਼ਿਕਾਇਤ ਦਰਜ ਕਰਾਈ ਸੀ।

ਮਾਮਲੇ ਦੀ ਜਾਂਚ ਏਐੱਸਆਈ ਹਰਜਿੰਦਰ ਕੌਰ ਨੂੰ ਸੌਂਪੀ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮਹਿਲਾ ਏਐੱਸਆਈ ਮੁਲਜ਼ਮ ਪੱਖ ਖਿਲਾਫ ਕਾਰਵਾਈ ਕਰਨ ਲਈ ਪਹਿਲਾਂ ਹੀ ਉਸ ਤੋਂ 75 ਹਜ਼ਾਰ ਰੁਪਏ ਰਿਸ਼ਵਤ ਲੈ ਚੁੱਕੀ ਹੈ। ਹੁਣ ਮੁਲਜ਼ਮ ਪਤੀ ਤੇ ਸਹੁਰੇ ਪਰਿਵਾਰ ਖਿਲਾਫ ਐੱਫਆਈਆਰ ਦਰਜ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਕਰ ਰਹੀ ਹੈ।

ਵਿਜੀਲੈਂਸ ਵੱਲੋਂ 20,000 ਰਿਸ਼ਵਤ ਲੈਣ ਦੇ ਦੋਸ਼ ‘ਚ ਮੁਨਸ਼ੀ ਕਾਬੂ, SHO ਤੇ ASI ਦੀ  ਜਾਂਚ ਅਧੀਨ

ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਥਾਣਾ ਕੂਮ ਕਲਾਂ ਵਿਖੇ ਤਾਇਨਾਤ ਐਮ.ਐਚ.ਸੀ. (ਮੁਨਸ਼ੀ) ਹਰਦੀਪ ਸਿੰਘ (ਏ.ਐਸ.ਆਈ.) ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਕਤਾ ਨੇ 21-07-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 13.4.2023 ਨੂੰ ਉਸਦੇ ਭਰਾ ਦੀਪਕ ਕੁਮਾਰ ਤੇ ਹੋਰਨਾਂ ਖ਼ਿਲਾਫ਼ ਥਾਣਾ ਕੂਮ ਕਲਾਂ ਵਿਖੇ ਆਈ.ਪੀਸੀ ਦੀ ਧਾਰਾ 323, 341, 506, 148,149 ਤਹਿਤ ਐਫ.ਆਈ.ਆਰ. ਨੰਬਰ 38 ਦਰਜ ਕੀਤੀ ਗਈ ਸੀ। ਉਸ ਦਾ ਭਰਾ ਦੀਪਕ ਵੀ ਜ਼ਖਮੀ ਹੋਇਆ ਸੀ, ਜਿਸ ਕਾਰਨ ਉਸ (ਦੀਪਕ ) ਨੇ ਵੀ ਅਵਤਾਰ ਸਿੰਘ ਅਤੇ ਹੋਰਾਂ ਖ਼ਿਲਾਫ ਆਈ.ਪੀ.ਸੀ. ਦੀਆਂ ਧਾਰਾਵਾਂ 326, 323, 341, 506, 148,149 ਤਹਿਤ ਕਰਾਸ ਐਫ.ਆਈ.ਆਰ. ਦਰਜ ਕਰਵਾਈ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਕਰਾਸ ਐਫ.ਆਈ.ਆਰ. ਅਧੀਨ ਵਿਰੋਧੀ ਧਿਰ ਖ਼ਿਲਾਫ਼ ਕਾਰਵਾਈ ਲਈ ਐਸ.ਐਚ.ਓ. ਪਰਮਜੀਤ ਸਿੰਘ (ਐਸ.ਆਈ.) ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਐਮ.ਐਚ.ਸੀ. ਹਰਦੀਪ ਸਿੰਘ ਨੇ 50,000 ਰੁਪਏ ਵਿੱਚ ਸੌਦਾ ਤੈਅ ਕਰਵਾ ਦਿੱਤਾ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਏ.ਐਸ.ਆਈ. ਰਣਧੀਰ ਸਿੰਘ ਨੇ ਉਸ ਤੋਂ 35,000 ਰੁਪਏ ਰਿਸ਼ਵਤ ਲਈ ਅਤੇ ਐਮ.ਐਚ.ਸੀ. ਹਰਦੀਪ ਸਿੰਘ ਨੇ 20,000 ਰੁਪਏ ਵੱਖਰੇ ਤੌਰ ’ਤੇ ਲਏ ਹਨ। ਉਸਨੇ ਵਿਜੀਲੈਂਸ ਨੂੰ ਐਮ.ਐਚ.ਸੀ. ਹਰਦੀਪ ਸਿੰਘ ਨਾਲ ਰਿਸ਼ਵਤ ਲੈਣ-ਦੇਣ ਸਬੰਧੀ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸੌਪੀ ਹੈ।

Leave a Reply

Your email address will not be published.

Back to top button