
ਜਲੰਧਰ, ਐਚ ਐਸ ਚਾਵਲਾ।
ਜਲੰਧਰ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਦੇ ਡਾਕਟਰ ਬੀ ਐਸ ਜੌਹਲ ਵਿਚਾਲੇ ਚੱਲ ਰਿਹਾ ਵਿਵਾਦ ਅੱਜ ਖ਼ਤਮ ਹੋ ਗਿਆ। ਨਕੋਦਰ ਰੋਡ ‘ਤੇ ਇਕ ਮਠਿਆਈ ਵੇਚਣ ਵਾਲੇ ਨੇ ਦੋਨਾਂ ਨੂੰ ਆਪਣੇ ਕੋਲ ਬੁਲਾ ਕੇ ਦੂਰੀ ਖਤਮ ਕਰ ਦਿੱਤੀ, ਜਿਸਤੋਂ ਬਾਦ ਦੋਵੇਂ ਸਹਿਮਤ ਹੋ ਗਏ। ਇਸ ਮੌਕੇ ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਵੀ ਮੌਜੂਦ ਸਨ। ਮਾਮਲਾ ਸੁਲਝ ਜਾਣ ਤੋਂ ਬਾਅਦ ਸਾਰਿਆਂ ਨੇ ਇਕੱਠਿਆਂ ਬੈਠ ਕੇ ਖਾਣਾ ਖਾਧਾ।
ਗੌਰਤਲਬ ਹੈ ਕਿ ਤਿੰਨ ਦਿਨ ਪਹਿਲਾਂ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚ ਸਥਿਤ ਜੌਹਲ ਹਸਪਤਾਲ ਵਿੱਚ ਬਸਤੀ ਬਾਵਾ ਖੇਲ ਦੀ ਰਹਿਣ ਵਾਲੀ ਉਰਮਿਲਾ ਦੀ ਡਿਲੀਵਰੀ ਤੋਂ ਬਾਅਦ ਮੌਤ ਹੋ ਗਈ ਸੀ। ਪਰਿਵਾਰ ਕੋਲ ਬਿੱਲ ਦੇਣ ਲਈ ਪੈਸੇ ਨਹੀਂ ਸਨ, ਇਸ ਲਈ ਉਨ੍ਹਾਂ ਵਲੋਂ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਸੰਪਰਕ ਕੀਤਾ ਗਿਆ।
ਜਦੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਡਾਕਟਰ ਜੌਹਲ ਨੂੰ ਫੋਨ ਕੀਤਾ ਤਾਂ ਵਿਧਾਇਕ ਅਤੇ ਡਾਕਟਰ ਵਿਚਕਾਰ ਤਕਰਾਰ ਹੋ ਗਈ। ਵਿਧਾਇਕ ਸ਼ੀਤਲ ਉਸੇ ਸਮੇਂ ਹਸਪਤਾਲ ਪਹੁੰਚੇ ਅਤੇ ਡਾਕਟਰ ਜੌਹਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸਤੋਂ ਬਾਅਦ ਪੁਲੀਸ ਨੇ ਡਾਕਟਰ ਜੌਹਲ ਦੇ ਖ਼ਿਲਾਫ਼ FIR ਦਰਜ ਕਰ ਲਈ ਸੀ। ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ( IMA ) ਡਾ: ਜੌਹਲ ਦੇ ਸਮਰਥਨ ‘ਚ ਉਤਰ ਆਈ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਖਿਲਾਫ ਧਰਨਾ ਦਿੱਤਾ ਗਿਆ। ਅੱਜ ਦੋਵਾਂ ਵਿਚਾਲੇ ਵਿਵਾਦ ਖ਼ਤਮ ਹੋ ਗਿਆ।