Punjabpolitical

ਵੱਡੀ ਵਾਰਦਾਤ, ਪਿੰਡ ‘ਚ 6 ਕਨਾਲ ਜ਼ਮੀਨ ਦੇ ਟੁਕੜੇ ਬਦਲੇ ਚੱਲੀਆਂ ਗੋਲੀਆਂ, ਤਾਏ-ਭਤੀਜੇ ਦੀ ਮੌਤ

ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਪਿੰਡ ਫਤਿਹਗੜ੍ਹ ਸਭਰਾਵਾਂ ਦੀ ਹੈ। ਵੀਰਵਾਰ ਨੂੰ ਇੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਇੱਕ ਧਿਰ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਦੋ ਵਿਅਕਤੀਆਂ (ਤਾਏ-ਭਤੀਜੇ) ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਤਾਏ-ਭਤੀਜੇ ਦੀ ਛਾਤੀ ਵਿੱਚ ਗੋਲੀ ਲੱਗੀ ਹੈ। ਦੂਜੇ ਪਾਸੇ ਸੂਚਨਾ ਮਿਲਦੇ ਹੀ ਐਸਐਸਪੀ ਸੁਰਿੰਦਰ ਲਾਂਬਾ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਿੰਡ ਫਤਿਹਗੜ੍ਹ ਸਭਰਾਵਾਂ ਵਿੱਚ ਛੇ ਕਨਾਲ ਜ਼ਮੀਨ ਹੈ। ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੇ ਸਨ, ਜਦਕਿ ਜ਼ਮੀਨ ਦੇ ਦਸਤਾਵੇਜ਼ ਉਨ੍ਹਾਂ ਦੇ ਨਾਂ ‘ਤੇ ਹਨ ਅਤੇ ਕਬਜ਼ਾ ਵੀ ਉਨ੍ਹਾਂ ਦਾ ਹੈ। ਵੀਰਵਾਰ ਨੂੰ ਕਰੀਬ 15 ਵਿਅਕਤੀ ਹਥਿਆਰਾਂ ਨਾਲ ਲੈਸ ਖੇਤਾਂ ‘ਚ ਆਏ।

ਮੁਲਜ਼ਮਾਂ ਨੇ ਖੇਤ ਵਿੱਚ ਟਰੈਕਟਰ ਨਾਲ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਲਰਾਜ ਸਿੰਘ (23) ਪੁੱਤਰ ਪ੍ਰਗਟ ਸਿੰਘ ਅਤੇ ਬਲਵਿੰਦਰ ਸਿੰਘ (65) ਦੀ ਛਾਤੀ ’ਤੇ ਸੱਟ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਲਵਿੰਦਰ ਦੇ ਭਰਾ ਜਸਵੰਤ ਸਿੰਘ (60) ਦੀ ਲੱਤ ਵਿੱਚ ਗੋਲੀ ਲੱਗੀ।

Related Articles

Leave a Reply

Your email address will not be published.

Back to top button