

Big conspiracy: Who is threatening to blow up Sri Harmandir Sahib with a bomb?

ਪੰਜਾਬ ਦੇ ਹਾਲਤ ਵਿਗਾੜਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਲਈ ਨਿਸ਼ਾਨਾ ਸਿੱਖਾਂ ਨੂੰ ਬਣਾਇਆ ਜਾ ਰਿਹਾ ਹੈ। ਪੰਜਾਬ ਵਿੱਚ ਫਿਰਕੂ ਲਾਂਬੂ ਲਾਉਣ ਲਈ ਸਿੱਖਾਂ ਦੇ ਮੁਕੱਦਸ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਲਗਾਤਾਰ ਤੀਜੇ ਦਿਨ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੈ ਸਿੱਖਾਂ ਅੰਦਰ ਰੋਸ ਵਧ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਏਜੰਸੀਆਂ ਉਪਰ ਵੀ ਸਵਾਲ ਖੜ੍ਹੇ ਹੋ ਗਏ ਹਨ ਕਿ ਅਜੇ ਤੱਕ ਧਮਕੀਆਂ ਦੇਣ ਵਾਲਿਆਂ ਦਾ ਪਤਾ ਤੱਕ ਨਹੀਂ ਲਾਇਆ ਜਾ ਸਕਿਆ।
ਦਰਅਸਲ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਲਗਾਤਾਰ ਤੀਜੀ ਧਮਕੀ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਖਤ ਇਤਰਾਜ਼ ਜਤਾਇਆ ਹੈ। SGPC ਦੀ ਈਮੇਲ ‘ਤੇ ਭੇਜੀ ਧਮਕੀ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਈਪਾਂ ਵਿੱਚ RDX ਭਰ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਧਮਾਕੇ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸੋਮਵਾਰ ਤੇ ਮੰਗਲਵਾਰ ਨੂੰ ਵੀ ਈਮੇਲ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਸ਼੍ਰੋਮਣੀ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਸਾਡੀ ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 1984 ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਬਹੁਤ ਨੁਕਸਾਨ ਹੋਇਆ। ਕੁਝ ਲੋਕਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਪਸੰਦ ਨਹੀਂ ਹਨ। ਸ਼੍ਰੋਮਣੀ ਕਮੇਟੀ ਨੂੰ 14 ਜੁਲਾਈ ਤੋਂ ਲਗਾਤਾਰ ਧਮਕੀ ਭਰੇ ਈਮੇਲ ਮਿਲ ਰਹੇ ਹਨ।
ਧਾਮੀ ਨੇ ਕਿਹਾ ਕਿ ਜੇਕਰ ਇਹ ਈਮੇਲ ਸੰਸਦ ਮੈਂਬਰਾਂ ਤੇ ਮੁੱਖ ਮੰਤਰੀਆਂ ਨੂੰ ਭੇਜੇ ਗਏ ਹਨ ਪਰ ਸਰਕਾਰ ਨੇ ਅਜੇ ਤੱਕ ਇਸ ‘ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਇਹ ਸਿੱਖ ਸੰਗਤ ਦੀ ਕੇਂਦਰੀ ਸੰਸਥਾ ਹੈ ਤੇ ਅਜਿਹੇ ਆਸਥਾ ਦੇ ਕੇਂਦਰ ਦੀ ਸੁਰੱਖਿਆ ਨੂੰ ਕਿਵੇਂ ਦਾਅ ‘ਤੇ ਲਾਇਆ ਜਾ ਸਕਦਾ ਹੈ। ਕੀ ਦਰਬਾਰ ਸਾਹਿਬ ਵਿੱਚ ਸੰਗਤ ਦੀ ਆਵਾਜਾਈ ਨੂੰ ਘਟਾਉਣ ਦੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮਾਮਲਾ ਕੀ ਹੈ ਤੇ ਕੀ ਇਹ ਕੋਈ ਸਾਜ਼ਿਸ਼ ਹੈ।
