Punjab

ਸ਼ਹਿਰ ‘ਚ ਪੁਲਿਸ ਸੁਸਤ ਗੁੰਡੇ ਚੁਸਤ, 2 ਦਿਨਾਂ ਤੋਂ ਪਿਸਤੌਲ ਲੈ ਕੇ ਗੁੰਡਾਗਰਦੀ ਤੇ ਲੁੱਟਖੋਹ

ਹੁਸ਼ਿਆਰਪੁਰ/ ਗੋਪੀ ਪਿਪਲਾਵਾਲੀ

ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਪੁਲਿਸ ਅਧੀਨ ਪੈਂਦੇ ਦਸਮੇਸ਼ ਨਗਰ ਵਿਖੇ ਇਕ ਨੌਜਵਾਨ ਵੱਲੋਂ ਦੋ ਦਿਨਾਂ ‘ਚ ਪਿਸਤੌਲ ਦੀ ਨੋਕ ‘ਤੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਇਕ ਦੁਕਾਨ ਨਾਲ ਕੁੱਟਮਾਰ ਅਤੇ ਲੁੱਟ ਖੋਹ ਕੀਤੀ ਹੈ ਜਦਕਿ ਇਕ ਹੋਰ ਘਰ ਅੰਦਰ ਦਾਖ਼ਲ ਹੋ ਕੇ ਨੌਜਵਾਨ ‘ਤੇ ਹਮਲਾ ਕਰ ਦਿੱਤਾ।

ਪਹਿਲੀ ਵਾਰਦਾਤ ਸਬੰਧੀ ਥਾਣਾ ਮਾਡਲ ਟਾਊਨ ਪੁਲਿਸ ਨੂੰ ਦਿੱਤੇ ਬਿਆਨ ਵਿਚ ਮਨਿੰਦਰਪਾਲ ਸਿੰਘ ਪੁੱਤਰ ਅਪਾਰ ਸਿੰਘ ਵਾਸੀ ਮੁਹੱਲਾ ਦਸਮੇਸ਼ ਨਗਰ, ਗਲ਼ੀ ਨੰਬਰ 7, ਡਗਾਣਾ ਰੋਡ ਨੇ ਦੱਸਿਆ ਕਿ ਲੰਘੀ 29 ਅਗਸਤ ਦੀ ਰਾਤ ਨੂੰ ਉਕਤ ਨੌਜਵਾਨ ਉਸ ਦੇ ਘਰ ਅੰਦਰ ਦਾਖ਼ਲ ਹੋ ਗਿਆ ਤੇ ਮੱਥੇ ‘ਤੇ ਪਿਸਤੌਲ ਰੱਖ ਕੇ ਪੈਸੇ ਮੰਗਣ ਲੱਗ ਪਿਆ।

ਬਿਆਨਕਰਤਾ ਨੇ ਕਿਹਾ ਕਿ ਜਦੋਂ ਉਸਨੇ ਹੌਸਲਾ ਕਰ ਕੇ ਹਮਲਾਵਰ ਨੂੰ ਫੜ ਲਿਆ ਤਾਂ ਉਹ ਮੌਕੇ ਤੋਂ ਚਲਾ ਗਿਆ ਤੇ ਫੋਨ ‘ਤੇ ਧਮਕੀਆਂ ਦੇ ਰਿਹਾ ਹੈ।

ਦੂਜੀ ਵਾਰਦਾਤ ਸਬੰਧੀ ਥਾਣਾ ਮਾਡਲ ਟਾਊਨ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਨੀਲਮ ਵਾਸੀ ਦਸਮੇਸ਼ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਡਗਾਣਾ ਰੋਡ ‘ਤੇ ਗਲ਼ੀ ਨੰਬਰ 7ਏ ਦੇ ਮੋੜ ਨੇੜੇ ਸਬਜ਼ੀ ਦੀ ਦੁਕਾਨ ਹੈ। ਲੰਘੀ 30 ਅਗਸਤ ਨੂੰ ਦੁਪਹਿਰ ਸਮੇਂ ਉਕਤ ਨੌਜਵਾਨ ਸਾਥੀ ਸਮੇਤ ਆਇਆ ਅਤੇ ਕੁੱਟਮਾਰ ਕਰਦੇ ਹੋਏ ਪੈਸਿਆਂ ਦੀ ਮੰਗ ਕਰਨ ਲੱਗਾ। ਬਿਆਨਕਰਤਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਦੇ ਪਤੀ ਤੇ ਪੁੱਤਰ ਦੀ ਵੀ ਕੁੱਟਮਾਰ ਕੀਤੀ ਅਤੇ ਪਿਸਤੌਲ ਦੀ ਨੋਕ ‘ਤੇ ਕਰੀਬਨ 5 ਹਜ਼ਾਰ ਰੁਪਏ ਦੀ ਨਕਦੀ ਖ਼ੋਹ ਕੇ ਫ਼ਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਉਕਤ ਨੌਜਵਾਨ ਨੇ ਉਸੇ ਸ਼ਾਮ ਸ਼ਰੇਆਮ ਮੁੜ ਤੋਂ ਦੁਕਾਨ ਦੇ ਬਾਹਰ ਖੜ੍ਹਾ ਹੋ ਕੇ ਮੁਦਈ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਧਮਕੀ ਦਿੱਤੀ। ਜਦੋਂ ਦੁਕਾਨਦਾਰ ਨੇ ਦੌੜ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਕੂਟਰੀ ‘ਤੇ ਫ਼ਰਾਰ ਹੋ ਗਿਆ।

ਪਿਤਾ ਹੈ ਸਾਬਕਾ ਕੌਂਸਲਰ

ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦਾ ਪਿਤਾ ਇਕ ਸਾਬਕਾ ਕੌਂਸਲਰ ਹੈ ਤੇ ਪਰਿਵਾਰ ਵੱਲੋਂ ਉਕਤ ਨੌਜਵਾਨ ਨੂੰ ਬੇਦਖ਼ਲ ਕੀਤਾ ਹੋਇਆ ਹੈ। ਕਥਿਤ ਤੌਰ ‘ਤੇ ਉਕਤ ਨੌਜਵਾਨ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਪੀੜਤ ਪਰਿਵਾਰਾਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।

Leave a Reply

Your email address will not be published.

Back to top button