
ਲੁਧਿਆਣਾ ਦੀ ਸੁਰੱਖਿਆ ਹੁਣ ਥਾਣੇਦਾਰੀਆਂ ਦੇ ਹੱਥ ਹੈ। ਮਹਿਲਾ ਐਸਐਚਓ ਨੇ ਸ਼ਹਿਰ ਦੇ ਛੇ ਅਹਿਮ ਥਾਣਿਆਂ ਦੀ ਕਮਾਨ ਸੰਭਾਲੀ ਹੈ। ਸ਼ਹਿਰ ਲਈ ਇਹ ਨਵਾਂ ਤਜਰਬਾ ਹੋਏਗਾ। ਹੁਣ ਸਭ ਦੀਆਂ ਨਜ਼ਰਾਂ ਇਸ ਉੱਪਰ ਹਨ ਕਿ ਮਹਿਲਾ ਐਸਐਚਓ ਲਾਉਣ ਨਾਲ ਅਪਰਾਧਾਂ ਨੂੰ ਠੱਲ੍ਹ ਪਏਗੀ ਜਾਂ ਨਹੀਂ। ਸ਼ਹਿਰ ਵਿੱਚ ਪਹਿਲੀ ਵਾਰ ਹੈ ਕਿ ਲੁਧਿਆਣਾ ਦੀ ਸੁਰੱਖਿਆ ਹੁਣ ਥਾਣੇਦਾਰੀਆਂ ਦੇ ਹੱਥ ਹੈ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ ਦੇ ਅਹਿਮ ਛੇ ਥਾਣਿਆਂ ਦੀ ਕਮਾਨ ਮਹਿਲਾ ਐਸਐਚਓ ਹਵਾਲੇ ਕੀਤੀ ਗਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਛੇ ਥਾਣਿਆਂ ਵਿਚ ਮਹਿਲਾ ਐਸਐਚਓ ਦੀ ਤਾਇਨਾਤੀ ਹੋਈ ਹੋਵੇ, ਜਿਨ੍ਹਾਂ ਥਾਣਿਆਂ ਵਿੱਚ ਮਹਿਲਾ ਐਸਐਚਓ ਤਾਇਨਾਤ ਕੀਤੇ ਗਏ ਹਨ, ਉਨ੍ਹਾਂ ਵਿੱਚ ਥਾਣਾ ਡਿਵੀਜ਼ਨ ਨੰਬਰ 5, ਥਾਣਾ ਡਿਵੀਜ਼ਨ ਨੰਬਰ 2, ਥਾਣਾ ਦੁੱਗਰੀ, ਥਾਣਾ ਸਰਾਭਾ ਨਗਰ, ਥਾਣਾ ਹੈਬੋਵਾਲ ਅਤੇ ਥਾਣਾ ਮਾਡਲ ਟਾਊਨ ਸ਼ਾਮਿਲ ਹਨ।
ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਇਨ੍ਹਾਂ ਪਾਸ਼ ਇਲਾਕਿਆਂ ਵਿਚ ਲੁੱਟ ਖੋਹ ਤੇ ਹੋਰ ਅਪਰਾਧਿਕ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਸੀ। ਸਬੰਧਤ ਅਧਿਕਾਰੀ ਇਨ੍ਹਾਂ ਵਾਰਦਾਤਾਂ ਨੂੰ ਹੱਲ ਕਰਨ ਵਿੱਚ ਵੀ ਅਸਫਲ ਰਹੇ ਸਨ, ਜਿਸ ਕਾਰਨ ਇਨ੍ਹਾਂ ਥਾਣਿਆਂ ਵਿਚ ਮਹਿਲਾ ਐਸਐਚਓ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਸ਼ਿਕਾਇਤਾਂ ਵੀ ਪੁਲਿਸ ਕਮਿਸ਼ਨਰ ਨੂੰ ਅਧਿਕਾਰੀਆਂ ਖ਼ਿਲਾਫ਼ ਮਿਲੀਆਂ ਸਨ, ਜਿਸ ਕਾਰਨ ਪੁਲਿਸ ਕਮਿਸ਼ਨਰ ਡਾ: ਕੌਸ਼ਤੁਭ ਸ਼ਰਮਾ ਵਲੋਂ ਇਨ੍ਹਾਂ ਥਾਣਿਆਂ ਵਿਚ ਮਹਿਲਾ ਐਸ.ਐਚ.ਓ. ਦੀ ਤਾਇਨਾਤੀ ਦਾ ਫ਼ੈਸਲਾ ਕੀਤਾ ਗਿਆ ਹੈ।
ਥਾਣਾ ਡਿਵੀਜ਼ਨ ਨੰਬਰ 2 ਵਿੱਚ ਮੈਡਮ ਅਰਸ਼ਪ੍ਰੀਤ ਕੌਰ ਗਰੇਵਾਲ, ਥਾਣਾ ਦੁੱਗਰੀ ਵਿਚ ਮੈਡਮ ਮਧੂ ਬਾਲਾ, ਥਾਣਾ ਡਿਵੀਜ਼ਨ ਨੰਬਰ 5 ਵਿੱਚ ਮੈਡਮ ਬਲਵਿੰਦਰ ਕੌਰ, ਥਾਣਾ ਮਾਡਲ ਟਾਊਨ ਵਿਚ ਗੁਰਛਿੰਦਰ ਕੌਰ, ਥਾਣਾ ਹੈਬੋਵਾਲ ਵਿੱਚ ਸਿਮਰਨ ਜੀਤ ਕੌਰ ਤੇ ਥਾਣਾ ਸਰਾਭਾ ਨਗਰ ਵਿਚ ਮੈਡਮ ਅਮਨ ਜੋਤ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ।