
ਪਟਿਆਲਾ ‘ਚ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਅੰਦਰ ਧਰਨਾ ਦੇ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਮੰਗਲਵਾਰ ਸ਼ਾਮ ਨੂੰ ਪੁਲੀਸ ਨੇ ਲਾਠੀਆਂ ਨਾਲ ਖਦੇੜਿਆ ਹੈ। ਇਸ ਦੌਰਾਨ ਪੰਜ ਲਾਈਨਮੈਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਭਗਦੜ ਵਿੱਚ ਕਈ ਲਾਈਨਮੈਨਾਂ ਦੀਆਂ ਪੱਗਾਂ ਉਤਰ ਗਈਆਂ। ਲਾਈਨਮੈਨਾਂ ਨੇ ਪੁਲੀਸ ‘ਤੇ ਉਨ੍ਹਾਂ ਦੇ ਵਾਲ ਖਿੱਚਣ ਦੇ ਦੋਸ਼ ਵੀ ਲਾਏ ਹਨ।
ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਦੌਰਾਨ ਉਸਦੇ ਤਿੰਨ ਕਰਮਚਾਰੀ ਵੀ ਜ਼ਖਮੀ ਹੋਏ ਹਨ।
ਦਰਅਸਲ ‘ਚ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਨੁਮਾਇੰਦੇ 27 ਜੁਲਾਈ 2022 ਤੋਂ ਮਾਲ ਰੋਡ ‘ਤੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸ਼ਾਂਤਮਈ ਧਰਨੇ ‘ਤੇ ਬੈਠੇ ਸਨ। ਮੰਗਲਵਾਰ ਸਵੇਰੇ ਕਰੀਬ 11 ਵਜੇ ਯੂਨੀਅਨ ਦੇ ਨੁਮਾਇੰਦੇ ਚਕਮਾ ਦੇ ਕੇ ਪਾਵਰਕੌਮ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਗੇਟ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਾਈਨਮੈਨ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ‘ਤੇ ਅੜੇ ਰਹੇ।
ਜਦੋਂ ਲਾਈਨਮੈਨ ਨਾ ਮੰਨੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਲਾਠੀਆਂ ਨਾਲ ਖਦੇੜਿਆ। ਜਿਸ ਕਾਰਨ ਮੌਕੇ ‘ਤੇ ਇਕਦਮ ਭਗਦੜ ਮੱਚ ਗਈ। ਦੋਵਾਂ ਪਾਸਿਆਂ ਤੋਂ ਹੋਈ ਤਕਰਾਰ ਦੌਰਾਨ ਕਈ ਲਾਈਨਮੈਨਾਂ ਦੀਆਂ ਪੱਗਾਂ ਉਤਰ ਗਈਆਂ। ਲਾਠੀਚਾਰਜ ਦੌਰਾਨ ਪੰਜ ਲਾਈਨਮੈਨ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ , ਜਦਕਿ 15 ਲਾਈਨਮੈਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਦੌਰਾਨ ਉਨ੍ਹਾਂ ਦੀ ਮੰਗ ਹੈ ਕਿ ਪਾਵਰਕੌਮ ਵੱਲੋਂ ਇਸ਼ਤਿਹਾਰ ਦਿੱਤੇ ਗਏ 1690 ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ ਦੀ ਭਰਤੀ ਟੈਸਟ ਰਾਹੀਂ ਨਹੀਂ ਸਗੋਂ ਯੋਗਤਾ ਦੇ ਆਧਾਰ ‘ਤੇ ਕੀਤੀ ਜਾਵੇ।