ਸ੍ਰੀ ਹਰਿਮੰਦਰ ਸਾਹਿਬ ਵਿਖੇ ਅਪ੍ਰੈਲ 2019 ਤੋਂ ਦਸੰਬਰ 2022 ਤੱਕ ਸੁੱਕੀਆਂ ਰੋਟੀਆਂ ਦੀ ਖਰੀਦ, ਠੇਕੇ ਅਤੇ ਭੇਟਾ-ਚੌਲ ਆਦਿ ਦਾ ਇਹ ਘਪਲਾ ਸਾਹਮਣੇ ਆਇਆ ਸੀ। ਜਦੋਂ ਜਾਂਚ ਸ਼ੁਰੂ ਹੋਈ ਤਾਂ ਇਹ ਘਪਲਾ 25 ਲੱਖ ਅਤੇ ਫਿਰ 62 ਲੱਖ ਤੱਕ ਪਹੁੰਚ ਗਿਆ। ਹੁਣ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਘਪਲਾ 1 ਕਰੋੜ ਤੱਕ ਪਹੁੰਚ ਗਿਆ ਹੈ। 1 ਅਪ੍ਰੈਲ, 2019 ਤੋਂ ਦਸੰਬਰ 2022 ਦਰਮਿਆਨ ਹੋਈ ਨਿਲਾਮੀ ਅਤੇ ਵਿਕਰੀ ਵਿੱਚ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੀ ਹਰਕਤ ਵਿੱਚ ਆ ਗਈ ਹੈ। ਦੋ ਸੇਵਾਦਾਰਾਂ ਨੂੰ ਮੁਅੱਤਲ ਕਰਕੇ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ- 2019 ਵਿੱਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੀ ਸੱਚਾਈ ਪਾਰਦਰਸ਼ੀ ਢੰਗ ਨਾਲ ਸੰਗਤਾਂ ਦੇ ਸਾਹਮਣੇ ਰੱਖੀ ਜਾਵੇਗੀ। ਇਸ ਦੀ ਜਾਂਚ ਚੱਲ ਰਹੀ ਹੈ, ਜੋ ਵੀ ਬੇਨਿਯਮੀਆਂ ਦਾ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।