
ਸ੍ਰੀ ਦਰਬਾਰ ਸਾਹਿਬ ਵਿਚ ਕਾਂਗਰਸੀ ਆਗੂ ਜਗਦੀਸ਼ ਟਾਇਟਲਰ, ਜੋ ਕਿ 1984 ਦੇ ਸਿੱਖ ਕਤਲੇਆਮ ਵਿਚ ਦੋਸ਼ੀ ਵੀ ਹੈ, ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਦਾਖਲ ਹੋਏ ਕਰਮਜੀਤ ਸਿੰਘ ਗਿੱਲ ਵੱਲੋਂ ਜ਼ਮਾਨਤ ਲਈ ਦਿੱਤੀ ਗਈ ਦਰਖਾਸਤ ਸਥਾਨਕ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਮਾਣਯੋਗ ਜਪਇੰਦਰ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਵਿਚ ਕਰਮਜੀਤ ਗਿੱਲ ਦੇ ਵਕੀਲਾਂ ਨੇ ਇਹ ਦਲੀਲਾਂ ਦਿੱਤੀਆਂ ਕਿ ਉਸ ਦਾ ਮਕਸਦ ਧਾਰਮਿਕ ਭਾਵਨਾਵਾਂ ਭੜਕਾਉਣਾ ਨਹੀਂ, ਬਲਕਿ ਉਹ ਆਪਣੇ ਰਾਜਸੀ ਗੁਰੂ ਦੀ ਤਸਵੀਰ ਵਾਲੀ ਟੀ ਸ਼ਰਟ ਪਾ ਕੇ ਮੱਥਾ ਟੇਕਣ ਜਾਣ ਤੱਕ ਹੀ ਸੀ, ਜੋ ਕਿ ਕੋਈ ਅਪਰਾਧ ਨਹੀਂ ਬਣਦਾ।
ਦੂਸਰੇ ਪਾਸੇ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਤਫਤੀਸ਼, ਜਿਸ ਵਿਚ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਧਾਰਾ 153 ਏ ਅਧੀਨ ਕੇਸ ਦਰਜ ਕੀਤਾ ਗਿਆ ਹੈ, ਦੇ ਅਧਾਰ ਉਤੇ ਸਹਾਇਕ ਜਿਲ੍ਹਾ ਅਟਾਰਨੀ ਸ. ਤਵਤੇਸ਼ ਇੰਦਰਜੀਤ ਸਿੰਘ ਨੇ ਇਹ ਦਲੀਲ ਦਿੱਤੀ ਕਿ ਕਥਿਤ ਦੋਸ਼ੀ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਨਹੀਂ ਬਲਕਿ ਕੇਵਲ ਤੇ ਕੇਵਲ ਇਕ ਫ਼ਿਰਕੇ ਦੀਆਂ ਭਾਵਨਾਵਾਂ ਭੜਕਾਉਣ ਲਈ ਹੀ ਗਿਆ ਸੀ।