
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਹੁਣ ਮੀਡੀਆ ਸਾਹਮਣੇ ਆ ਗਈ ਹੈ। ਔਰਤ ਨੇ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਨਾਲ ਉਸ ਦੀ ਵੀਡੀਓ ਵਾਇਰਲ ਹੋਈ ਸੀ। ਇਹ ਵੀਡੀਓ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਾਇਰਲ ਕੀਤੀ ਸੀ।
ਔਰਤ ਦੇ ਇਸ ਦੋਸ਼ ਤੋਂ ਬਾਅਦ ਰੰਧਾਵਾ ਦਾ ਕਹਿਣਾ ਹੈ ਕਿ ਇਹ ਦੋਸ਼ ਬੇਬੁਨਿਆਦ ਹਨ। ਉਹ ਔਰਤ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਵਾਉਣਗੇ। ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਰਤ ਨੇ ਦੱਸਿਆ ਕਿ ਗੁਰਦਾਸਪੁਰ ‘ਚ ਲੋਕ ਸਭਾ ਦੀ ਜ਼ਿਮਨੀ ਚੋਣ ਸੀ। ਰੰਧਾਵਾ ਨੇ ਜ਼ਿਮਨੀ ਚੋਣ ‘ਚ ਜਿੱਤ ਯਕੀਨੀ ਬਣਾਉਣ ਲਈ ਇਹ ਵੀਡੀਓ ਵਾਇਰਲ ਕੀਤੀ ਸੀ। ਗੁਰਦਾਸਪੁਰ ‘ਚ 2017 ‘ਚ ਲੋਕ ਸਭਾ ਲਈ ਜ਼ਿਮਨੀ ਚੋਣ ਹੋਈ ਸੀ। ਇਸ ਵੀਡੀਓ ਦੇ ਆਉਣ ਨਾਲ ਸੁੱਚਾ ਸਿੰਘ ਲੰਗਾਹ ਦਾ ਸਿਆਸੀ ਕਰੀਅਰ ਖਤਮ ਹੋ ਗਿਆ ਸੀ।
ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਔਰਤ ਨੇ ਦੱਸਿਆ ਕਿ ਉਸ ਦੇ ਲੰਗਾਹ ਨਾਲ ਸੰਬੰਧ ਸਨ। ਹਾਲਾਂਕਿ ਔਰਤ ਇੰਨੇ ਸਾਲਾਂ ਬਾਅਦ ਸਾਹਮਣੇ ਆਉਣ ਦਾ ਕਾਰਨ ਨਹੀਂ ਦੱਸ ਸਕੀ। ਦੂਜੇ ਪਾਸੇ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਾ ਤਾਂ ਔਰਤ ਨਾਲ ਕੋਈ ਸਬੰਧ ਹੈ ਤੇ ਨਾ ਹੀ ਵੀਡੀਓ ਵਾਇਰਲ ਕਰਨ ਦਾ।