ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਦੇ ਬਾਅਦ ਹੁਣ ਰਾਜ ਦੇ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਰਾਜਨੀਤੀ ਵਿੱਚ ਆਉਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਦੇ ਬੀਜਪੀ ਵਿੱਚ ਸ਼ਾਮਲ ਹੋਣਗੇ ਅਤੇ ਹੋਸ਼ਿਆਰਪੁਰ (ਰਿਜ਼ਰਵ) ਸੀਟਾਂ ਤੋਂ ਚੋਣ ਲੜਨ ਦੀ ਚਰਚਾ ਵੀ ਚਲ ਰਹੀ ਹੈ । ਹਾਲਾਂਕਿ ਪਾਰਟੀ ਦੇ ਨੇਤਾ ਇਸ ਮਾਮਲੇ ‘ਚ ਕੁਝ ਵੀ ਬੋਲਦੇ ਨਹੀਂ ਹਨ। ਪਰ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਈ ਹੋਰ ਵੀ ਨਾਮੀ ਲੋਕ ਪਾਰਟੀ ਜਵਾਇਨ ਕਰਨਗੇ।
ਜ਼ਿਕਰ ਕਰ ਦਈਏ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਸੰਸਦ ਮੈਂਬਰ ਹਨ ਜੋ ਕਿ ਕੇਂਦਰੀ ਰਾਜ ਮੰਤਰੀ ਵੀ ਹਨ ਹਾਲਾਂਕਿ ਭਾਜਪਾ ਨੇ ਆਪਣੀ ਉਮੀਦਵਾਰਾਂ ਦੀ ਸੂਚੀ ਵਿੱਚ ਸੋਮ ਪ੍ਰਕਾਸ਼ ਦਾ ਨਾਂਅ ਸ਼ਾਮਲ ਨਹੀਂ ਕੀਤਾ ਹੈ ਜਿਸ ਤੋਂ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪਾਰਟੀ ਉਨ੍ਹਾਂ ਦੀ ਟਿਕਟ ਕੱਟ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਂਅ ਉੱਤੇ ਵੀ ਵਿਚਾਰ ਕਰ ਰਹੀ ਹੈ।
ਜੇ ਗੱਲ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕੀਤੀ ਜਾਵੇ ਤਾਂ ਉਹ 1988 ਬੈਚ ਦੇ IPS ਅਧਿਕਾਰੀ ਹਨ ਤੇ ਸਿਤੰਬਰ 2022 ਵਿੱਚ ਉਹ ਸੇਵਾਮੁਕਤ ਹੋਏ ਸਨ। ਉਨ੍ਹਾਂ ਦਾ ਪਿੰਡ ਹੁਸ਼ਿਆਰਪੁਰ ਨੇੜੇ ਹੈ ਤੇ ਉਹ ਮਜ਼ਬੀ ਸਿੱਖ ਵਾਲਮੀਕੀ ਸਮਾਜ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਦੀ ਇਸ ਹਲਕੇ ਵਿੱਚ ਚੰਗੀ ਪਕੜ ਹੈ।
ਜਦੋਂ ਸਹੋਤਾ ਨਾਲ ਰਾਜਨੀਤੀ ਵਿੱਚ ਜਾਣ ਬਾਰੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਇਸ ਤੋਂ ਇਨਕਾਰ ਨਹੀਂ ਕੀਤਾ ਹਾਲਾਂਕਿ ਨਾਲ ਦੀ ਨਾਲ ਇਹ ਜ਼ਰੂਰ ਕਹਿ ਦਿੱਤਾ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਤੋਂ ਕੋਈ ਪ੍ਰਸਤਾਵ ਨਹੀਂ ਮਿਲਿਆ ਹੈ। ਜੇ ਸਹੋਤਾ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 2 ਦਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਬਹੁਜਨ ਸਮਾਜ ਪਾਰਟੀ ਵੱਲੋਂ ਲੋਕ ਸਭਾ ਚੋਣ ਲੜੇ ਸਨ।