PoliticsPunjab

ਸਿੱਖ ਸੰਗਤਾਂ ਵਲੋਂ ਭਾਈ ਹਰਨਾਮ ਸਿੰਘ ਧੁੰਮਾ ਨੂੰ ਦਮਦਮੀ ਟਕਸਾਲ ਦਾ ਮੁੱਖੀ ਮੰਨਣ ਤੋਂ ਇਨਕਾਰ

The Sikh Sanghat refused to accept Bhai Harnam Singh Dhumma as the head of Damdami Taksal

ਅਮਰੀਕਾ ਭਰ ਦੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਪੰਥ ਪ੍ਰਸਤਾਂ ਦੀ ਹੰਗਾਮੀ ਤੌਰ ‘ਤੇ ਇਕ ਟੈਲੀਕਾਨਫ਼ਰੰਸ ਸੱਦੀ ਗਈ, ਜਿਸ ਵਿਚ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨੇ ਬਹੁਤ ਵੱਡੀ ਤਾਦਾਦ ਵਿਚ ਹਿੱਸਾ ਲਿਆ।

 

ਅਪਣੇ ਸੰਬੋਧਨ ਦੌਰਾਨ ਵੱਖ-ਵੱਖ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਆਖਿਆ ਕਿ ਦਮਦਮੀ ਟਕਸਾਲ ਜਿਸ ਨੂੰ ਯੋਧਿਆਂ ਦੀ ਖਾਣ ਵੀ ਕਿਹਾ ਜਾਂਦਾ ਹੈ, ਪੰਥ ਦੀ ਇਕ ਸਤਿਕਾਰਤ ਜਥੇਬੰਦੀ ਹੈ, ਜਿਸ ਉਪਰ ਸਰਕਾਰੀ ਸਰਪ੍ਰਸਤੀ ਨਾਲ ਕਾਬਜ਼ ਹੋਏ ਬੈਠੇ ਭਾਈ ਹਰਨਾਮ ਸਿੰਘ ਧੁੰਮਾ ਜੋ ਕਿ ਅਪਣੇ ਆਪ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਉਤਰਾਧਿਕਾਰੀ ਹੋਣ ਦਾ ਦਾਅਵਾ ਕਰਦੇ ਹਨ ਪਰ ਕਿਰਦਾਰ ਪੱਖੋਂ ਸਰਕਾਰਾਂ ਤੇ ਪ੍ਰਧਾਨ ਮੰਤਰੀਆਂ ਅੱਗੇ ਖਲੋਣ ਵਾਲੇ ਟਕਸਾਲ ਦੇ ਪੁਰਾਣੇ ਮੁਖੀਆਂ ਸਾਹਮਣੇ ਬਿਲਕੁਲ ਬੌਣੇ ਕਿਰਦਾਰ ਦੇ ਨਜ਼ਰ ਆਉਂਦੇ ਹਨ।

ਅਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਜਦੋਂ ਹਰ ਸਿੱਖ ਦਾ ਕਲੇਜਾ ਪਾਟ ਗਿਆ ਸੀ, ਉਸ ਮੌਕੇ ਵੀ ਚੁੱਪ ਰਹਿ ਕੇ ਸਰਕਾਰ ਤੇ ਬਾਦਲਾਂ ਨਾਲ ਵਾਦਾਰੀ ਨਿਭਾਉਣ ਵਾਲੇ ਹਰਨਾਮ ਸਿੰਘ ਧੁੰਮਾ ਟਕਸਾਲ ਦੇ ਆਗੂ ਕਹਾਉਣ ਦੇ ਬਿਲਕੁਲ ਵੀ ਯੋਗ ਨਹੀਂ ਹਨ। ਸਿੱਖ ਕੌਮ ਦੇ ਪਾਤਸ਼ਾਹੀ ਦਾਅਵੇ ਨੂੰ ਮੁੜ ਸੁਰਜੀਤ ਕਰ ਕੇ ਮੌਜੂਦਾ ਸੰਘਰਸ਼ ਨੂੰ ਰੁਸ਼ਨਾਉਣ ਵਾਲੇ ਸੰਤ ਸਿਪਾਹੀ ਦੇ ਰਸਤੇ ਤੋਂ ਉਲਟ ਚੱਲ ਕੇ ਹਰਨਾਮ ਸਿੰਘ ਧੁੰਮਾ ਨੇ ਦਮਦਮੀ ਟਕਸਾਲ ਅਤੇ ਸਿੱਖ ਕੌਮ ਦੋਵਾਂ ਨੂੰ ਵੱਡੀ ਢਾਹ ਲਾਈ ਹੈ।

ਸ਼ੁਰੂ ਤੋਂ ਹੀ ਸਵਾਲਾਂ ਵਿਚ ਘਿਰੇ ਰਹੇ ਹਰਨਾਮ ਸਿੰਘ ਧੁੰਮਾ ਨੂੰ ਬੜੇ ਹੀ ਸ਼ੱਕੀ ਤਰੀਕੇ ਨਾਲ ਅਮਰੀਕਾ ਤੋਂ ਲਿਜਾ ਕੇ ਏਜੰਸੀਆਂ ਦੀ ਮਦਦ ਨਾਲ ਕੇ.ਪੀ.ਐਸ. ਗਿੱਲ ਨੇ ਦਮਦਮੀ ਟਕਸਾਲ ਮਹਿਤਾ ਉੱਪਰ ਕਬਜ਼ਾ ਕਰਵਾਉਣ ਵਿਚ ਮਦਦ ਕੀਤੀ। ਇਕ ਸਮੇਂ ਸਿੱਖ ਸੰਘਰਸ਼ ਦਾ ਧੁਰਾ ਰਹੀ ਟਕਸਾਲ ਨੂੰ ਕਾਬੂ ਕਰਨਾ ਸਰਕਾਰੀ ਏਜੰਡੇ ਵਿਚ ਨੰਬਰ ਇਕ ਉਤੇ ਸੀ, ਜਿਸ ਕੰਮ ਨੂੰ ਹਰਨਾਮ ਸਿੰਘ ਧੁੰਮਾ ਦੇ ਕਾਬਜ਼ ਹੋਣ ਨਾਲ ਸੌਖਿਆਂ ਹੀ ਅੰਜਾਮ ਤਕ ਪਹੁੰਚਾਉਣ ਵਿਚ ਮਦਦ ਮਿਲੀ। ਹਰਨਾਮ ਸਿੰਘ ਧੁੰਮਾ ਦੀ ਮਦਦ ਨਾਲ ਏਜੰਸੀਆਂ ਨੇ ਧਾਰਮਕ ਅਤੇ ਸਿਆਸੀ ਤੌਰ ਤੋਂ ਸਿੱਖ ਕੌਮ ਦਾ ਨੁਕਸਾਨ ਕੀਤਾ। ਇਨ੍ਹਾਂ ਸਰਕਾਰੀ ਸਾਜ਼ਸ਼ਾਂ ਨੂੰ ਅੰਜਾਮ ਦੇਣ ਦਾ ਜ਼ਿਕਰ ਡਾਇਰੈਕਟਰ ਰਹੇ ‘ਮਲੋਆ ਕਿ੍ਰਸ਼ਨ ਧਰ’ ਨੇ ਅਪਣੀ ਕਿਤਾਬ ਖੁਲੇ੍ਹ ਭੇਦ ਵਿਚ ਵੀ ਵਿਸਤਾਰ ਨਾਲ ਕੀਤਾ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਵਲੋਂ ਈਮੇਲ ਰਾਹੀਂ ਨਿਜੀ ਅਖਵਾਰ ਨੂੰ ਭੇਜੇ ਪੈ੍ਰੱਸ ਨੋਟ ਮੁਤਾਬਕ ਹਰਜਿੰਦਰ ਸਿੰਘ, ਡਾ. ਪਿ੍ਰਤਪਾਲ ਸਿੰਘ, ਜਸਵੰਤ ਸਿੰਘ ਹੋਠੀ, ਡਾ. ਬਖਸ਼ੀ ਸਿੰਘ ਸੰਧੂ, ਪਿ੍ਰਤਪਾਲ ਸਿੰਘ, ਟਹਿਲ ਸਿੰਘ, ਸੁਰਜੀਤ ਸਿੰਘ ਕੁਲਾਰ, ਰਜਿੰਦਰ ਸਿੰਘ, ਜੋਗਾ ਸਿੰਘ, ਕਿਰਪਾਲ ਸਿੰਘ ਬਲਿੰਗ, ਡਾ. ਹਰਦਮ ਸਿੰਘ ਅਜ਼ਾਦ ਆਦਿ ਨੇ ਅੰਕੜਿਆਂ ਸਹਿਤ ਇਕ ਇਕ ਗੱਲ ਦਲੀਲ ਨਾਲ ਦਸਦਿਆਂ ਆਖਿਆ ਕਿ ਸਿੱਖ ਕੌਮ ਦੀ ਇਕੋ-ਇਕ ਰਾਜਸੀ ਜਥੇਬੰਦੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕਰਨ ਵਾਲੇ ਬਾਦਲਾਂ ਨਾਲ ਹਰਨਾਮ ਸਿੰਘ ਧੁੰਮਾ ਦੀ ਹਮੇਸ਼ਾ ਹੀ ਬੇਹੱਦ ਨੇੜਤਾ ਰਹੀ।

ਬਾਦਲਾਂ ਦੇ ਹਰ ਕੌਮ ਘਾਤੀ ਕਾਰੇ ਵਿਚ ਧੁੰਮਾ ਜੀ ਬਰਾਬਰ ਦੇ ਭਾਈਵਾਲ ਰਹੇ। ਇਸ 4 ਘੰਟੇ ਦੇ ਕਰੀਬ ਚਲੀ ਕਾਨਫ਼ਰੰਸ ਵਿਚ ਸਾਰੇ ਬੁਲਾਰਿਆਂ ਨੇ ਇਕਮੱਤ ਹੋ ਕੇ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਕ-ਦੂਜੇ ਨਾਲ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਬਣਾਈ ਰੱਖਣ। ਸਿੱਖ ਐਕਟੀਵਿਸਟਾਂ ਤੇ ਪੰਥਕ ਜਥੇਬੰਦੀਆਂ ਨੂੰ ਸਰਕਾਰੀ ਤੰਤਰ ਦੀਆਂ ਚਾਲਾਂ, ਜਿਨ੍ਹਾਂ ਨਾਲ ਬਾਹਰਲੇ ਸਿੱਖਾਂ ਨੂੰ ਭਾਰਤ ਦੀ ਅਧੀਨਗੀ ਅਤੇ ਮਿਲਵਰਤਣ ਕਰ ਕੇ ਨਾਲ ਚੱਲਣ ਲਈ ਸਹਿਮਤ ਕਰਨ ਅਤੇ ਆਪਸ ਵਿਚ ਪਾਟੋਧਾੜ ਕਰਨ ਦੀਆਂ ਜੋ ਸਾਜ਼ਸ਼ਾਂ ਹੋ ਰਹੀਆਂ ਹਨ, ਉਸ ਤੋਂ ਵੀ ਸੁਚੇਤ ਰਹਿਣ ਲਈ ਕਿਹਾ ਗਿਆ।

Back to top button