ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੀਗਲ ਨੋਟਿਸ ਭੇਜ ਕੇ ਉਹਨਾਂ ਵੱਲੋਂ ਸਰਦਾਰ ਬਾਦਲ ਤੇ ਉਹਨਾਂ ਦੇ ਪਰਿਵਾਰ ਦੇ ਮਾਣ ਸਨਮਾਨ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਕੀਤੇ ਕੂੜ ਪ੍ਰਚਾਰ ਲਈ ਪੰਜ ਦਿਨਾਂ ਦੇ ਅੰਦਰ ਅੰਦਰ ਮੁਆਫੀ ਮੰਗਣ ਜਾਂ ਫਿਰ ਫੌਜਦਾਰੀ ਮਾਣਹਾਨੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਮੁੱਖ ਮੰਤਰੀ ਨੂੰ ਭੇਜੇ ਲੀਗਲ ਨੋਟਿਸ ਵਿਚ ਸਰਦਾਰ ਸੁਖਬੀਰ ਸੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਅਖੌਤੀ ਇਕ ਵਿਅਕਤੀ ਦੀ ਬਹਿਸ ਵਿਚ ਜਾਣ ਬੁੱਝ ਕੇ ਗਲਤ ਬਿਆਨਬਾਜ਼ੀ ਕੀਤੀ ਕਿ ਬਾਦਲ ਪਰਿਵਾਰ ਨੇ ਨਿੱਜੀ ਫਾਇਦੇ ਵਾਸਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕੀਤਾ। ਨੋਟਿਸ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਇਕ ਡੂੰਘੀ ਸਾਜ਼ਿਸ਼ ਤਹਿਤ ਦਾਅਵਾ ਕੀਤਾ ਕਿ ਹਰਿਆਣਾ ਵਿਚ ਬਾਦਲ ਪਰਿਵਾਰ ਦੇ ਬਾਲਾਸਰ ਫਾਰਮ ਹਾਊਸ ਦੇ ਖੇਤਾਂ ਲਈਪਾਣੀ ਪ੍ਰਦਾਨ ਕਰਨ ਵਾਸਤੇ ਪ੍ਰਾਈਵੇਟ ਨਹਿਰ ਖੁਦਵਾਈ ਗਈ। ਨੋਟਿਸ ਵਿਚ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਪਰਿਵਾਰ ਦੇ ਟਰਾਂਸਪੋਰਟ ਵਪਾਰ ਬਾਰੇ ਝੂਠੇ ਦੋਸ਼ ਲਗਾ ਕੇ ਪਰਿਵਾਰ ਦੇ ਅਕਸ ਨੂੰ ਸੱਟ ਮਾਰਨ ਦਾ ਯਤਨ ਕੀਤਾ।
ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਰਾਹੀਂ ਭੇਜੇ ਨੋਟਿਸ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੇ ਨਿੱਜੀ, ਸਮਾਜਿਕ ਤੇ ਸਿਆਸੀ ਅਕਸ ਨੂੰ ਸੱਟ ਮਾਰਨ ਵਾਸਤੇ ਯੋਜਨਾਬੱਧ ਤਰੀਕੇ ਨਾਲ ਕੂੜ ਪ੍ਰਚਾਰ ਕੀਤਾ।ਨੋਟਿਸ ਵਿਚ ਕਿਹਾ ਗਿਆ ਮੁੱਖ ਮੰਤਰੀ ਦੀ ਸਾਰੇ ਸੱਚੇ ਤੱਥਾਂ ਤੱਕ ਪਹੁੰਚ ਹੈ ਪਰ ਉਹਨਾਂ ਨੇ ਜਾਣ ਬੁੱਝ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰ ਕੇ ਉਹਨਾਂ ਦੇ ਅਕਸ ਨੂੰ ਢਾਹ ਲਗਾਈ।
ਨੋਟਿਸ ਵਿਚ ਮੁੱਖ ਮੰਤਰੀ ਨੂੰ ਆਖਿਆ ਗਿਆ ਕਿ ਉਹ ਨੋਟਿਸ ਮਿਲਣ ਦੇ ਪੰਜ ਦਿਨਾਂ ਦੇ ਅੰਦਰ ਅੰਦਰ ਬਿਨਾਂ ਸ਼ਰਤ ਮੁਆਫੀ ਮੰਗਣ ਜਾਂ ਫਿਰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।