
ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਮ ਬਾਦਲਾਂ ਦੇ ਲਿਫ਼ਾਫ਼ੇ ਵਿਚੋਂ ਨਿਕਲਣ ਦੀਆਂ ਪੰਥਕ ਹਲਕਿਆਂ ‘ਚ ਚਰਚਿਤ ਰਹੀਆਂ ਖਬਰਾਂ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਰੀਬ ਦੋ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਦਿਆਂ ਦਾਅਵਾ ਕੀਤਾ ਸੀ ਕਿ ਉਹ ਬਾਦਲਾਂ ਦੇ ਲਿਫ਼ਾਫ਼ਾ ਕਲਚਰ ਨੂੰ ਬੰਦ ਕਰਨ ਤੱਕ ਲੜਾਈ ਲੜਦੇ ਰਹਿਣਗੇ ਪਰ ਹੁਣ ਸੁਖਬੀਰ ਬਾਦਲ ਵਲੋਂ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਗਿਆਨੀ ਰਘਬੀਰ ਸਿੰਘ ਜਥੇਦਾਰ ਨੂੰ ਬੰਦ ਲਿਫ਼ਾਫ਼ੇ ਵਿਚ ਸਪੱਸ਼ਟੀਕਰਨ ਸੌਂਪਣ ਦੇ ਮੁੱਦੇ ‘ਤੇ ਬਾਦਲਾਂ ਤੋਂ ਨਰਾਜ ਧੜੇ ਨੇ ਇਤਰਾਜ ਪ੍ਰਗਟਾਇਆ ਹੈ।
ਨਰਾਜ਼ ਧੜੇ ਦੇ ਆਗੂਆਂ ਮੁਤਾਬਕ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦਾ ਸਪੱਸ਼ਟੀਕਰਨ ਜਨਤਕ ਹੋਣਾ ਚਾਹੀਦਾ ਸੀ ਅਤੇ ਇਸ ਨੂੰ ਪਰਦੇ ਵਿਚ ਰੱਖਣ ਵਿਚ ਵੀ ਕੋਈ ਸਾਜਸ਼ ਪ੍ਰਤੀਤ ਹੁੰਦੀ ਹੈ।
ਪੰਥਕ ਹਲਕਿਆਂ ਵਿਚ ਇਕ ਚਰਚਾ ਇਹ ਵੀ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਇੰਗਲੈਂਡ ਫੇਰੀ ਦੌਰਾਨ ਅਜੇ ਕੁਝ ਦਿਨ ਹੋਰ ਉੱਥੇ ਰੁਕਣਾ ਸੀ ਪਰ ਅਕਾਲੀ ਦਲ ਦੇ ਪ੍ਰਧਾਨ ਦਾ ਸਪੱਸ਼ਟੀਕਰਨ ਪ੍ਰਾਪਤ ਕਰਨ ਲਈ ਉਹਨਾ ਨੂੰ ਅੰਮ੍ਰਿਤਸਰ ਪਰਤਣਾ ਪਿਆ, ਜਿੱਥੇ ਉਹ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਤੋਂ ਸਪੱਸ਼ਟੀਕਰਨ ਪੱਤਰ ਲੈਣ ਉਪਰੰਤ ਮੁੜ ਇੰਗਲੈਂਡ ਲਈ ਰਵਾਨਾ ਹੋ ਗਏ। ਜਿੱਥੇ ਉਹ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਣ ਵਾਲੇ ਧਾਰਮਕ ਸਮਾਗਮਾ ਵਿਚ ਸ਼ਿਰਕਤ ਕਰਨਗੇ।
ਜੇਕਰ ਗਿਆਨੀ ਰਘਬੀਰ ਸਿੰਘ 28 ਜਾਂ 29 ਜੁਲਾਈ ਨੂੰ ਵਾਪਸ ਪਰਤਦੇ ਹਨ ਤਾਂ ਪੰਜ ਜਥੇਦਾਰਾਂ ਦੀ ਇਕੱਤਰਤਾ 30 ਜਾਂ 31 ਜੁਲਾਈ ਤਕ ਹੋ ਸਕਦੀ ਹੈ, ਜਿਸ ਵਿੱਚ ਨਰਾਜ਼ ਧੜੇ ਦੇ ਦੋਸ਼ਾਂ ਸਮੇਤ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਆਏ ਸਪੱਸ਼ਟੀਕਰਨ ਬਾਰੇ ਕੋਈ ਠੋਸ ਫ਼ੈਸਲਾ ਜਾਂ ਆਦੇਸ਼ ਸੁਣਾਇਆ ਜਾ ਸਕਦਾ ਹੈ।
ਬਾਦਲਾਂ ਦੇ ਲਿਫ਼ਾਫ਼ੇ ਵਿਚੋਂ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਨਿਕਲਣ ਤੋਂ ਪਹਿਲਾਂ ਅਕਸਰ ਤਰਾਂ ਤਰਾਂ ਦੀਆਂ ਚਰਚਾਵਾਂ ਜੋਰ ਫੜਦੀਆਂ ਰਹੀਆਂ ਹਨ ਤੇ ਬੇਅਦਬੀ ਕਾਂਡ ਦੀ ਜਾਂਚ ਲਈ ਬਾਦਲ ਸਰਕਾਰ ਵਲੋਂ ਗਠਿਤ ਕੀਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦਬਾਅ ਲਈ ਗਈ, ਸੋਦਾ ਸਾਧ ਵਲੋਂ ਮੰਗੀ ਗਈ ਮਾਫ਼ੀ ਵਾਲਾ ਪੱਤਰ ਵੀ ਜਨਤਕ ਨਾ ਕੀਤਾ ਗਿਆ, 20 ਫ਼ਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਬਾਦਲ ਦਲ ਦੀ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਗਠਿਤ ਕੀਤੀ ਇਕਬਾਲ ਸਿੰਘ ਝੁੰਦਾ ਦੀ ਕਮੇਟੀ ਦੀ ਰਿਪੋਰਟ ਵੀ ਜਨਤਕ ਕਰਨ ਦੀ ਜ਼ਰੂਰਤ ਨਾ ਸਮਝੀ ਗਈ। ਭਾਵੇਂ ਇਸ ਤਰਾਂ ਦੀਆਂ ਅਨੇਕਾਂ ਮਿਸਾਲਾਂ ਹੋਰ ਵੀ ਦਿਤੀਆਂ ਜਾ ਸਕਦੀਆਂ ਹਨ ਪਰ ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਦਿਤੇ ਗਏ ਸਪੱਸ਼ਟੀਕਰਨ ਨੂੰ ਸੰਗਤਾਂ ਦੇ ਸਨਮੁੱਖ ਰੱਖਣਾ ਚਾਹੀਦਾ ਸੀ।
ਪੰਥਕ ਹਲਕਿਆਂ ਵਿੱਚ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਬੇਅਦਬੀ ਮਾਮਲਿਆਂ ਦੇ ਸਬੰਧ ਵਿੱਚ ਆਪਣੇ ਪਿਤਾ ਸਵ: ਪ੍ਰਕਾਸ਼ ਸਿੰਘ ਬਾਦਲ ਦੀ ਆੜ ਵਿਚ ਜਦਕਿ ਹਰਜਿੰਦਰ ਸਿੰਘ ਧਾਮੀ ਵੀ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਮਰਹੂਮ ਅਵਤਾਰ ਸਿੰਘ ਮੱਕੜ ਦੀ ਆੜ ਵਿੱਚ ਖੁਦ ਨੂੰ ਪਾਕਸਾਫ ਸਿੱਧ ਕਰਨ ਦੀ ਕੌਸ਼ਿਸ਼ ਕਰਨਗੇ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਨਾਲ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲੱਗੇ ਦੋਸ਼ਾਂ ਤੋਂ ਸੁਰਖਰੂ ਹੋ ਸਕਣਗੇ? ਸੂਤਰਾਂ ਮੁਤਾਬਿਕ ਸੁਖਬੀਰ ਸਿੰਘ ਬਾਦਲ ਨੇ ਬੰਦ ਲਿਫਾਫੇ ਰਾਹੀਂ ਦੋ ਪੱਤਰ ਜਥੇਦਾਰ ਨੂੰ ਸੌਂਪੇ ਹਨ, ਜਿੰਨਾ ਵਿੱਚੋਂ ਇਕ ਪੱਤਰ ਸੁਖਬੀਰ ਸਿੰਘ ਬਾਦਲ ਦਾ ਸਪੱਸ਼ਟੀਕਰਨ, ਜਦਕਿ ਦੂਜਾ ਪੱਤਰ ਪ੍ਰਕਾਸ਼ ਸਿੰਘ ਬਾਦਲ ਵਲੋਂ 17 ਅਕਤੂਬਰ 2015 ਨੂੰ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪੇ ਗਏ ਪੱਤਰ ਦੀ ਫ਼ੋਟੋ ਕਾਪੀ ਹੈ, ਜਿਸ ਵਿਚ ਸਵ: ਬਾਦਲ ਨੇ ਬੇਅਦਬੀ ਮਾਮਲਿਆਂ ਦੇ ਸਬੰਧ ਵਿਚ ਦੁੱਖ ਅਤੇ ਅਫ਼ਸੋਸ ਜਾਹਰ ਕਰਨ ਦੇ ਨਾਲ-ਨਾਲ ਪਸ਼ਚਾਤਾਪ ਵੀ ਕੀਤਾ ਸੀ।
ਨਰਾਜ਼ ਧੜੇ ਨੇ ਸਿਰਫ਼ ਸੋਦਾ ਸਾਧ, ਸੁਮੇਧ ਸੈਣੀ ਅਤੇ ਇਜਹਾਰ ਆਲਮ ਦੀਆਂ ਚਾਰ ਭੁੱਲਾਂ ਦਾ ਜਿਕਰ ਕੀਤਾ ਸੀ ਭਾਵੇਂ ਉਸੇ ਦਿਨ ‘ਰੋਜ਼ਾਨਾ ਸਪੋਕਸਮੈਨ’ ਨੇ 13 ਭੁੱਲਾਂ ਗਿਣਾ ਦਿਤੀਆਂ, ਜਿੰਨਾ ਪ੍ਰਤੀ ਸਮੁੱਚੇ ਪੰਥ ਅਤੇ ਸਿੱਖ ਕੌਮ ਨੇ ਸਹਿਮਤੀ ਪ੍ਰਗਟਾਈ ਪਰ ਨਰਾਜ ਧੜੇ ਦੇ ਆਗੂਆਂ ਕ੍ਰਮਵਾਰ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ, ਢੀਂਡਸਾ ਪਿਤਾ-ਪੁੱਤਰ ਸਮੇਤ ਹੋਰਨਾ ਨੇ ਵੀ ਬਾਦਲ ਦਲ ਦੇ ਆਗੂਆਂ ਸਮੇਤ ਬਾਦਲ ਪਰਿਵਾਰ ਉੱਪਰ ਦੋਸ਼ਾਂ ਦੀ ਝੜੀ ਲਾ ਦਿੱਤੀ, ਜਦਕਿ ਦੂਜੇ ਪਾਸੇ ਸਿੱਖ ਚਿੰਤਕਾਂ, ਪੰਥਕ ਵਿਦਵਾਨਾ ਅਤੇ ਪੰਥਦਰਦੀਆਂ ਨੇ ਦੋਨਾਂ ਧਿਰਾਂ ਦੀਆਂ ਪੰਥਵਿਰੋਧੀ ਕਾਰਵਾਈਆਂ ਅਤੇ ਪੰਥ ਦਾ ਘਾਣ ਕਰਨ ਵਾਲੀਆਂ ਹਰਕਤਾਂ ਦੇ ਚਿੱਠੇ ਜਨਤਕ ਕਰ ਦਿਤੇ।