ਜਲੰਧਰ : ਸ਼ਿੰਦਰਪਾਲ ਚਾਹਲ
ਆਲ ਇੰਡੀਆ ਇੰਟਰ ਯੂਨੀਵਰਸਿਟੀ ‘ਚ ਰਾਈਫਲ ਸ਼ੂਟਿੰਗ ‘ਚ ਗੋਲਡ ਮੈਡਲ ਜਿੱਤਣ ਵਾਲੇ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਲਾਅ ਕਾਲਜ ਦੇ ਵਿਦਿਆਰਥੀ ਰਾਹੁਲ ਚੌਧਰੀ ਲਈ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ‘ਚ ਚੇਅਰਮੈਨ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਰਾਹੁਲ ਚੌਧਰੀ ਨੂੰ ਪਿਤਾ ਬੀਐੱਸ ਚੌਧਰੀ, ਮੈਨੇਜਿੰਗ ਡਾਇਰੈਕਟਰ ਪੋ੍. ਮਨਹਰ ਅਰੋੜਾ, ਕਾਲਜ ਡਾਇਰੈਕਟਰ ਡਾ. ਐੱਸਸੀ ਸ਼ਰਮਾ ਦੀ ਮੌਜੂਦਗੀ ‘ਚ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਬਾਅਦ ਰਾਹੁਲ ਨੇ ਕਾਲਜ ਤੇ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਸ ਦੀ ਸਫਲਤਾ ਪਿੱਛੇ ਮਿਹਨਤ, ਅਭਿਆਸ, ਡਾਈਟ ਆਦਿ ਬਾਰੇ ਦੱਸਿਆ। ਰਾਹੁਲ ਨੇ ਕਿਹਾ ਕਿ ਇਹ ਉਸ ਲਈ ਸ਼ੁਰੂਆਤ ਹੈ, ਉਹ ਭਵਿੱਖ ‘ਚ ਦੇਸ਼ ਦਾ ਨਾਂ ਪੂਰੀ ਦੁਨੀਆ ‘ਚ ਰੌਸ਼ਨ ਕਰਨਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਮੇਰਠ ‘ਚ ਹੋਏ ਆਲ ਇੰਡੀਆ ਇੰਟਰ ਯੂਨੀਵਰਸਿਟੀ ਰਾਈਫਲ ਮੁਕਾਬਲੇ ‘ਚ ਸੰਸਥਾ ਦੇ ਐੱਲਐੱਲਬੀ ਪਹਿਲੇ ਸਾਲ ਦੇ ਵਿਦਿਆਰਥੀ ਰਾਹੁਲ ਚੌਧਰੀ ਨੇ ਗੋਲਡ ਮੈਡਲ ਪ੍ਰਰਾਪਤ ਕਰ ਕੇ ਸੰਸਥਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਸੀ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੀਏਪੀ ਕੰਪਲੈਕਸ ‘ਚ ਕਰਵਾਏ ਗਏ ਇੰਟਰ ਕਾਲਜ ਰਾਈਫਲ ਸ਼ੂਟਿੰਗ ਮੁਕਾਬਲੇ 10 ਮੀਟਰ ਰਾਈਫਲ ਸ਼ੂਟਿੰਗ ‘ਚ ਰਾਹੁਲ ਚੌਧਰੀ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਤੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਇਸ ਮੁਕਾਬਲੇ ‘ਚ ਹਿੱਸਾ ਲਿਆ ਸੀ। ਰਾਹੁਲ ਪਿਛਲੇ 4 ਸਾਲਾਂ ਤੋਂ ਰਾਈਫਲ ਸ਼ੂਟਿੰਗ ਦਾ ਅਭਿਆਸ ਕਰ ਰਹੇ ਹਨ ਤੇ ਹੁਣ ਉਹ ਖੇਲੋ ਇੰਡੀਆ ਤੇ ਓਲੰਪਿਕ 2024 ਲਈ ਸਖਤ ਮਿਹਨਤ ਕਰ ਰਹੇ ਹਨ। ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਵਿਦਿਆਰਥੀ ਰਾਹੁਲ ਦੇ ਪਿਤਾ ਬੀਐੱਸ ਚੌਧਰੀ, ਮਾਤਾ ਰਾਖੀ ਚੌਧਰੀ, ਕੋਚ ਦੀਪਕ ਦੂਬੇ ਨੂੰ ਵਧਾਈ ਦਿੱਤੀ।