EntertainmentPunjabReligious

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਨੰਦ ਕਾਰਜ ਨੂੰ ਲੈ ਕੇ ਸਖ਼ਤ ਹੁਕਮ ਜਾਰੀ

ਸਮਲਿੰਗੀ ਵਿਆਹ ਕਰਵਾਉਣ ਵਾਲੇ ਰਾਗੀ ਜਥੇ ਤੇ ਗ੍ਰੰਥੀ ਨੂੰ 5-5 ਸਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ ਬਲੈਕ ਲਿਸਟ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਨੰਦ ਕਾਰਜ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ’ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਡੈਸਟੀਨੇਸ਼ਨ ਵੈਡਿੰਗ ’ਚ ਲੋਕ ਥੀਮ ਅਧਾਰਿਤ ਵਿਆਹ ਕਰਦੇ ਸਨ ਜਿਵੇਂ ਕਿ ਬੀਚ ਕਿਨਾਰੇ ਜਾਂ ਫਿਰ ਕਿਸੇ ਰਿਜ਼ੋਰਟ ਵਿਚ ਹੀ ਅਨੰਦ ਕਾਰਜ ਦੀਆਂ ਰਸਮਾਂ ਕਰ ਲਈਆਂ ਜਾਂਦੀਆਂ ਸਨ। ਹੁਣ ਇਸ ਤਰ੍ਹਾਂ ਦੇ ਡੈਸਟੀਨੇਸ਼ਨ ਵਿਆਹਾਂ ਮੌਕੇ ਅਨੰਦ ਕਾਰਜ ਨਹੀਂ ਹੋਣਗੇ।

ਇਹ ਫ਼ੈਸਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇ. ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿਚ ਹੋਈ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਲਿਆ ਗਿਆ। ਦੱਸਣਯੋਗ ਹੈ ਕਿ ਮੈਰਿਜ ਪੈਲੇਸ ਵਿਚ ਪਹਿਲਾਂ ਤੋਂ ਹੀ ਅਨੰਦ ਕਾਰਜ ਕਰਵਾਉਣ ’ਤੇ ਪਾਬੰਦੀ ਲੱਗੀ ਹੋਈ ਹੈ। ਵਿਆਹ ਦੀ ਪਾਰਟੀ ਭਾਵੇਂ ਕਿਤੇ ਵੀ ਕੀਤੀ ਜਾ ਸਕਦੀ ਹੈ ਪਰ ਲਾਵਾਂ ਫੇਰੇ ਗੁਰਦੁਆਰਾ ਸਾਹਿਬ ’ਚ ਹੀ ਲੈਣੇ ਪੈਣਗੇ।

ਬਠਿੰਡਾ ਵਿਖੇ 2 ਲੜਕੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਾਵਾਂ ਕਰਵਾ ਕੇ ਸਮਲਿੰਗੀ ਵਿਆਹ (ਅਨੰਦ ਕਾਰਜ) ਕਰਵਾਉਣ ਸਬੰਧੀ ਕੇਸ ਵਿਚ ਇਹ ਫੈਸਲਾ ਹੋਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਲਈ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਜਾਂਦਾ ਹੈ, ਇਹ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਨਹੀਂ ਆਉਣਗੇ। ਸੰਗਤਾਂ ਜਲਦ ਹੀ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਅਤੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਨੂੰ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਪੰਜ ਸਾਲ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ। ਇਹ ਕਿਸੇ ਵੀ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸਮਾਗਮਾਂ ‘ਚ ਡਿਊਟੀ ਨਹੀਂ ਕਰਨਗੇ।

Leave a Reply

Your email address will not be published.

Back to top button