
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਏ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ 24 ਸਾਲ ਦੇ ਨਿਹੰਗ ਪ੍ਰਦੀਪ ਸਿੰਘ ਦਾ ਕੁੱਝ ਹੁੱਲੜਬਾਜ਼ਾਂ ਵੱਲੋਂ ਕਤਲ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਕਿ ਨਿਹੰਗ ਸਿੰਘ ਨੌਜਵਾਨ ਨੇ ਹੁੱਲੜਬਾਜ਼ਾਂ ਨੂੰ ਜੀਪ ਵਿਚ ਅਸ਼ਲੀਲ ਗਾਣੇ ਗਾਉਣ ਅਤੇ ਹੁੱਲੜਬਾਜ਼ੀ ਕਰਨ ਤੋਂ ਰੋਕਣ ਕਰਕੇ ਇਹ ਵਿਵਾਦ ਹੋਇਆ।
ਜਿਥੇ ਇੱਕ ਪਰਿਵਾਰਕ ਮੈਂਬਰਾ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉਥੇ ਹੀ ਪੀੜਤ ਪਰਿਵਾਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਰਦੀਪ ਸਿੰਘ ਕੈਨੇਡਾ ‘ਚ ਪੀ.ਆਰ. ਸੀ ‘ਤੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਦੀਪ ਕੈਨੇਡਾ ਦੇ ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸਨੂੰ ਪੀ.ਆਰ ਮਿਲੀ ਸੀ। ਸਤੰਬਰ ਮਹੀਨੇ ਉਹ ਵਾਪਿਸ ਆਪਣੇ ਘਰ ਆਇਆ ਸੀ ਅਤੇ 5 ਮਾਰਚ ਨੂੰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ ਅਤੇ ਰਸਤੇ ‘ਚ ਜਦੋਂ ਉਸ ਨੇ ਕੁਝ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉਚੀ-ਉਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਹੁੱਲੜਬਾਜ਼ਾਂ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦੇ ਉਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਮ੍ਰਿਤਕ ਦੀ ਮਾਤਾ ਬਲਵਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਦੀ ਇਕ ਭੈਣ ਵਿਦੇਸ਼ ਵਿੱਚ ਰਹਿੰਦੀ ਹੈ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਹੁੱਲੜਬਾਜ਼ਾਂ ਦੇ ਉਪਰ ਸਖਤ ਕਾਰਵਾਈ ਕੀਤੀ ਜਾਵੇ।