PunjabReligious

ਸ੍ਰੀ ਆਨੰਦਪੁਰ ਸਾਹਿਬ ‘ਚ ਸਿੱਖ ਜਥੇਬੰਦੀਆਂ ਵਲੋਂ ਨਵੇਂ ਜਥੇਦਾਰਾਂ ਦਾ ਬਾਈਕਾਟ, ਜੈਕਾਰਿਆਂ ਦੀ ਗੂੰਜ ਚ 6 ਮਤੇ ਪਾਸ

Sikh organizations boycott new Jathedars in Sri Anandpur Sahib, 6 resolutions passed amidst cheers

Sikh organizations boycott new Jathedars in Sri Anandpur Sahib, 6 resolutions passed amidst cheers

ਸ੍ਰੀ ਆਨੰਦਪੁਰ ਸਾਹਿਬ ‘ਚ ਪੰਥਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਵੇਂ ਜਥੇਦਾਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਗਿਆ ਤੇ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਤੋਂ ਸੇਵਾ ਸਾਂਭਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਅੰਤ੍ਰਿੰਗ ਕਮੇਟੀ ਦੇ ਜਿਹੜੇ ਮੈਂਬਰਾਂ ਵੱਲੋਂ ਨਵੇਂ ਜਥੇਦਾਰਾਂ ਦਾ ਵਿਰੋਧ ਕੀਤਾ ਗਿਆ ਹੈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ।

ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਜੈਕਾਰਿਆਂ ਦੀ ਗੂੰਜ ਹੇਠ 6 ਮਤੇ ਪਾਸ ਕੀਤੇ ਗਏ ਹਨ।

ਮਤਾ ਨੰ. 1

ਅੱਜ ਦਾ ਇਹ ਪੰਥਕ ਇਕੱਠ ਭਾਈ ਕੁਲਦੀਪ ਸਿੰਘ ਗੜਗੱਜ ਦੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਨਿਯੁਕਤੀ ਰੱਦ ਕਰਦਾ ਹੈ। ਇਸ ਦੇ ਨਾਲ ਹੀ ਬਾਬਾ ਟੇਕ ਸਿੰਘ ਧਨੌਲਾ ਦੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਵਜੋਂ ਨਿਯੁਕਤੀ ਰੱਦ ਕਰਦਾ ਕਿਉਂਕਿ ਇਹ ਨਿਯੁਕਤੀਆਂ ਪੰਥਕ ਪਰੰਪਰਾਵਾਂ ਅਤੇ ਭਾਵਨਾਵਾਂ ਦੇ ਅਨੁਕੂਲ ਨਹੀਂ ਹਨ ਇਹ ਪੰਥਕ ਇਕੱਠ ਪੂਰੀ ਸਿੱਖ ਕੌਮ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ।

ਮਤਾ ਨੰ. 02

ਅੱਜ ਦਾ ਇਹ ਪੰਥਕ ਇਕੱਠ ਇਹ ਮਤਾ ਪਾਸ ਕਰਦਾ ਹੈ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਤਖਤ ਸਾਹਿਬਾਨ ਦੇ ਜਥੇਦਾਰ ਵਜੋਂ ਤੁਰੰਤ ਸੇਵਾ ਸੰਭਾਲ ਮੁੜ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ।

ਮਤਾ ਨੰ. 03

ਅੱਜ ਦਾ ਇਹ ਪੰਥਕ ਇਕੱਠ ਅੰਤਰਿੰਗ ਕਮੇਟੀ ਦੇ ਉਨਾਂ ਤਿੰਨ ਮੈਂਬਰਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਕੌਮੀ ਭਾਵਨਾ ਦੀ ਤਰਜਮਾਨੀ ਕਰਦਿਆਂ ਹੋਇਆਂ ਸਿੰਘ ਸਾਹਿਬਾਨਾਂ ਨੂੰ ਹਟਾਉਣ ਵਾਲੇ ਮਤੇ ਦਾ ਵਿਰੋਧ ਕੀਤਾ ਸੀ ਅਤੇ ਬਾਕੀ ਦੇ ਅੰਤਰਿੰਗ ਕਮੇਟੀ ਦੇ ਜੋ 11 ਮੈਂਬਰ ਹਨ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਉਹ 17 ਤਰੀਕ ਨੂੰ ਪਹਿਲਾਂ ਵਾਲੇ ਜਥੇਦਾਰਾਂ ਦੀ ਸੇਵਾ ਬਹਾਲੀ ਕਰਨ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਨ ।

ਅੱਜ ਦਾ ਇਹ ਇਕੱਠ ਸਿੱਖ ਸੰਗਤਾਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਅੰਤਰਿੰਗ ਕਮੇਟੀ ਦੇ 11 ਮੈਂਬਰਾਂ ਨੂੰ ਮਿਲ ਕੇ ਇਹ ਤਸਦੀਕ ਕਰਨ ਕਿ ਉਹ 17 ਤਰੀਕ ਨੂੰ ਆਪਣੇ ਫਰਜ਼ ਨੂੰ ਪਛਾਣਦੇ ਹੋਏ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਗੇ ? ਜੇ ਉਹ ਅਜਿਹਾ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਸਿੱਖ ਸੰਗਤਾਂ ਉਹਨਾਂ ਦਾ ਘਰਾਓ ਕਰਨ ਅਤੇ ਉਹਨਾਂ ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲਾ ਲੈਣ ਲਈ ਮਜਬੂਰ ਕਰਨ।

ਮਤਾ ਨੰ. 04

ਅੱਜ ਦਾ ਇਹ ਪੰਥਕ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਅੱਗੇ ਤੋਂ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਉਨਾਂ ਦੀ ਸੇਵਾ ਮੁਕਤੀ ਦਾ ਸਮੂਹ ਜਥੇਬੰਦੀਆਂ ਸੰਪਰਦਾਵਾਂ ਸਿੱਖ ਬੁੱਧੀਜੀਵੀਆਂ ਦੀ ਪ੍ਰਵਾਨਗੀ ਦੇ ਨਾਲ ਵਿਧੀ ਵਿਧਾਨ ਲਿਖਤੀ ਰੂਪ ਵਿੱਚ ਬਣਾਇਆ ਜਾਵੇ ਤਾਂ ਕਿ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਤੇ ਸਤਿਕਾਰ ਨੂੰ ਸਦੀਵ ਕਾਲ ਲਈ ਬਹਾਲ ਰੱਖਿਆ ਜਾ ਸਕੇ।

ਮਤਾ ਨੰ. 05

ਅੱਜ ਦਾ ਇਹ ਪੰਥਕ ਇਕੱਠ ਸਮੂਹ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਆਪੋ ਆਪਣੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨੂੰ 28 ਮਾਰਚ ਨੂੰ ਹੋ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਤੋਂ ਪਹਿਲਾਂ ਪਹਿਲਾਂ ਵਫਦ ਰੂਪ ਵਿੱਚ ਮਿਲ ਕੇ ਸਮੂਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲੋਂ ਤਸਦੀਕ ਕਰਨ ਕਿ ਉਹ ਅੰਤਰਿੰਗ ਕਮੇਟੀ ਵੱਲੋਂ ਕੀਤੇ ਗਏ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਆਪਣਾ ਯੋਗਦਾਨ ਦੇਣਗੇ । ਜੇ ਉਹ ਆਪਣਾ ਫਰਜ਼ ਨਹੀਂ ਪਹਿਛਾਣਦੇ ਤਾਂ ਅੱਜ ਦਾ ਇਹ ਪੰਥਕ ਇਕੱਠ ਇਹ ਫੈਸਲਾ ਕਰਦਾ ਹੈ ਕਿ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੂਹ ਸਿੱਖ ਸੰਗਤਾਂ ਹਰ ਪਿੰਡ ਵਿੱਚੋਂ ਆਪ ਮੁਹਾਰੇ ਵਹੀਰਾਂ ਘੱਤ ਕੇ ਪੁੱਜਣਗੇ। ਇਸ ਲਈ ਆਪਣਾ ਫਰਜ ਨਾ ਪਛਾਨਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਮੂਹ ਸਿੱਖ ਸੰਗਤਾਂ ਦਾ ਰੋਹ ਝੱਲਣ ਲਈ ਤਿਆਰ ਰਹਿਣ ।

ਮਤਾ ਨੰ. 06

ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਤੇ ਸਤਿਕਾਰ ਨੂੰ ਜੋ ਢਾਹ ਲੱਗੀ ਹੈ ਅਤੇ ਸਿੱਖ ਪੰਥ ਵਿੱਚ ਜੋ ਵੀ ਸੰਕਟ ਬਣੇ ਹਨ। ਉਹਨਾਂ ਸੰਬੰਧੀ ਅੱਜ ਦਾ ਇਹ ਪੰਥਕ ਇਕੱਠ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਨੂੰ ਅਪੀਲ ਕਰਦਾ ਹੈ ਕਿ ਉਹ ਸਮੂਹ ਸੰਤ ਸਮਾਜ, ਸਿੱਖ ਸੰਪਰਦਾਵਾਂ, ਸੰਤਾਂ ਮਹਾਂਪੁਰਖਾਂ ਅਤੇ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਪੰਥ ਨੂੰ ਇਹਨਾਂ ਦਰਪੇਸ਼ ਸੰਕਟਾਂ ਚੋਂ ਬਾਹਰ ਕੱਢਣ ਵਾਸਤੇ ਅਗਵਾਈ ਕਰਨ ਕਿਉਂਕਿ ਦਮਦਮੀ ਟਕਸਾਲ ਦਾ ਇਤਿਹਾਸ ਗਵਾਹ ਹੈ ਕਿ ਸਮੇਂ ਸਮੇਂ ਪੰਥ ਵਿੱਚ ਪੈਦਾ ਹੋਏ ਧਾਰਮਿਕ ਅਤੇ ਰਾਜਸੀ ਸੰਕਟਾਂ ਸਮੇਂ ਦਮਦਮੀ ਟਕਸਾਲ ਦੇ ਮੁਖੀ ਸਾਹਿਬਾਨ ਹੀ ਪੰਥ ਦੀ ਅਗਵਾਈ ਕਰਦੇ ਰਹੇ ਹਨ ਅਤੇ ਅੱਜ ਦੇ ਸਮੈਂ ਦੀ ਇਹ ਵੱਡੀ ਲੋੜ ਵੀ ਹੈ।

Back to top button