
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਨੀਵਾਰ ਨੂੰ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਅਰਦਾਸ ਉਪਰੰਤ ਅਕਾਲ ਤਖ਼ਤ ਤੋਂ ਰਵਾਨਾ ਹੋਇਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ’ਤੇ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ, ਬੈਂਡ ਪਾਰਟੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਗਤਕੇ ਵਿੱਚ ਛੋਟੇ ਬੱਚਿਆਂ ਨੇ ਹਥਿਆਰਾਂ ਨਾਲ ਕਰਤੱਬ ਪੇਸ਼ ਕੀਤੇ। ਇਸ ਦੌਰਾਨ ਸ਼ਹਿਰ ਭਰ ‘ਚ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਲਈ ਲੰਗਰ ਲਗਾਏ ਗਏ। ਨਗਰ ਕੀਰਤਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਲਈ ਸ਼ਾਮਲ ਹੋਏ।
ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਜਲ੍ਹਿਆਂਵਾਲਾ ਬਾਗ ਅਤੇ ਸ਼ਹਿਰ ਦੇ ਆਲੇ-ਦੁਆਲੇ ਬਣੇ ਪੁਰਾਣੇ ਗੇਟਾਂ ਵਿੱਚੋਂ ਹੋ ਕੇ ਲੰਘਿਆ। ਇਨ੍ਹਾਂ ਵਿੱਚ ਘਿਓ ਮੰਡੀ ਚੌਕ, ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਰਾਮਬਾਗ ਚੌਕ, ਹਾਲ ਗੇਟ, ਹੱਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖਜ਼ਾਨਾ ਗੇਟ, ਗੇਟ ਹਕੀਮਾਂ, ਭਗਤਾਂਵਾਲਾ ਚੌਕ, ਚਾਟੀਵਿੰਡ ਚੌਕ ਅਤੇ ਸੁਲਤਾਨਵਿੰਡ ਗੇਟ ਤੋਂ ਹੁੰਦੇ ਹੋਏ ਵਾਪਸ ਸ੍ਰੀ ਦਰਬਾਰ ਸਾਹਿਬ ਪਹੁੰਚਿਆ।
ਨਗਰ ਕੀਰਤਨ ਦੌਰਾਨ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਲੀਸ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਰਿੰਗ ਰੋਡ ਦਾ ਇੱਕ ਪਾਸਾ ਬੰਦ ਰੱਖਿਆ ਗਿਆ ਸੀ। ਆਵਾਜਾਈ ਨੂੰ ਦੂਜੇ ਪਾਸੇ ਤੋਂ ਮੋੜ ਦਿੱਤਾ ਗਿਆ।
ਪੁਲਿਸ ਦੀ ਕੋਸ਼ਿਸ਼ ਰਹੀ ਕਿ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਰਵਾਨਾ ਹੁੰਦੇ ਹੀ ਇਸ ਸੜਕ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ।