

New case of cheating the devotees in Sri Harmandir Sahib, lakhs of rupees collected

ਸ੍ਰੀ ਹਰਿਮੰਦਰ ਸਾਹਿਬ ‘ਚ ਸੰਗਤ ਨਾਲ ਠੱਗੀ ਮਾਰਨ ਦਾ ਨਵਾਂ ਮਾਮਲਾ, ਇਕੱਠੇ ਕੀਤੇ ਲੱਖਾਂ ਰੁਪਏ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਤੋਂ ਦਰਸ਼ਨ ਕਰਨ ਆਉਂਣ ਵਾਲੀਆਂ ਸੰਗਤਾਂ ਨਾਲ ਠੱਗੀ ਮਾਰਨ ਦਾ ਨਵਾਂ ਤੇ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਇਕ ਗੁਰਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਪਰਿਕਰਮਾ ‘ਚ ਰਹਿ ਕੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਦੇ ਨਾਲ ਮਾਰੀ ਜਾ ਰਹੀ ਹੈ। ਗੁਰਿੰਦਰ ਸਿੰਘ ਗਾਈਡ ਬਣ ਕੇ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਸਿੱਖ ਇਤਿਹਾਸ ਅਤੇ ਇਤਿਹਾਸਿਕ ਮਹੱਤਤਾ ਬਾਰੇ ਪਰਿਕਰਮਾ ਵਿਚ ਹੀ ਜਾਣਕਾਰੀ ਮੁਹਈਆ ਕਰਾਉਂਦਾ ਸੀ। ਜਿਸ ਦੇ ਬਦਲੇ ਉਹ ਸੰਗਤਾਂ ਪਾਸੋਂ ਮੋਟੀ ਰਕਮ ਵਸੂਲ ਕਰਦਾ ਸੀ।
ਇਹ ਮਾਮਲਾ ਪਰਿਕਰਮਾ ਵਿਚ ਸਥਿਤ ਬੇਰ ਬਾਬਾ ਬੁੱਢਾ ਸਾਹਿਬ ਜੀ ਨੇੜੇ ਇਕ ਸ਼ਰਧਾਲੂ ਦੇ ਨਾਲ ਝਗੜਦਾ ਹੋਇਆ ਪਰਿਕਰਮਾ ਦੇ ਨਿਗਰਾਨ ਸ਼ਮਸ਼ੇਰ ਸਿੰਘ ਸ਼ੇਰਾ ਦੇ ਧਿਆਨ ਵਿਚ ਆਇਆ। ਸ਼ਮਸ਼ੇਰ ਸਿੰਘ ਸ਼ੇਰਾ ਨੇ ਜਦ ਇਸ ਮਾਮਲੇ ਨੂੰ ਘੋਖਣਾ ਚਾਹਿਆ ਤਾਂ ਮਾਮਲੇ ਦੀ ਡੁੰਘਾਈ ਵਿਚ ਜਾਂਦਿਆਂ ਇਹ ਪਤਾ ਲੱਗਾ ਕਿ ਇਹ ਹੁਣ ਤੱਕ ਲੱਖਾਂ ਰੁਪਏ ਆਪਣੇ ਖਾਤਿਆਂ ਰਾਹੀਂ ਸੰਗਤਾਂ ਪਾਸੋਂ ਲੈ ਚੁੱਕਾ ਹੈ। ਇਸ ਤੋਂ ਇਲਾਵਾ ਨਗਦ ਵਿਚ ਕਿੰਨੇ ਰੁਪਏ ਇਸ ਨੇ ਸੰਗਤਾਂ ਪਾਸੋਂ ਹਾਸਲ ਕੀਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਗਲਿਆਰਾ ਚੌਂਕੀ ਨੂੰ ਇਸ ਵੱਲੋਂ ਝਗੜਾ ਕਰਨ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ। ਇਸ ਦੇ ਖਾਤੇ ਦੀ ਜਾਂਚ ਕਰਨ ਤੇ ਲੱਖਾਂ ਰੁਪਏ ਦਾ ਲੈਣ ਦੇਣ ਸਾਹਮਣੇ ਆਇਆ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿਚ ਆਉਂਦਿਆਂ ਹੀ ਫਲਾਇੰਗ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।
