ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਭਗਵੰਤ ਮਾਨ ਸਰਕਾਰ ਦੁਆਰਾ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ ਦਿਨਾਂ ਤੋਂ ਪੰਜਾਬ ਭਰ ਦੇ ਛੇ ਜਗ੍ਹਾ ਉਪਰ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਾਨਸਾ ਰੋਡ ਉਪਰ ਲਾਏ ਧਰਨੇ ਵਿੱਚ ਕਿਸਾਨ ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਕਿਹਾ ਗਿਆ ਕਿ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ। ਮੰਗਾਂ ਨੂੰ ਲਾਗੂ ਕੀਤੇ ਜਾਣ ਤੋਂ ਬਿਨਾਂ ਉਹ ਸੜਕਾਂ ਨਹੀਂ ਛੱਡਣਗੇ।ਉਨ੍ਹਾਂ ਕਿਹਾ ਕਿ ਅਗਰ ਉਨ੍ਹਾਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਵੀ ਹੋਇਆ ਤਾਂ ਉਹ ਸਰਕਾਰ ਨਾਲ ਇੱਟ ਨਾਲ ਇੱਟ ਖੜਕਾ ਦੇਣਗੇ।
ਮੁੱਖ ਮੰਤਰੀ ਵੱਲੋਂ ਕਿਸਾਨਾਂ ਉਪਰ ਤੰਜ ਕੱਸੇ ਜਾਣ ਤੇ ਮੁੱਖ ਮੰਤਰੀ ਨੂੰ ਲੰਬੇ ਹੱਥੀਂ ਲੈਂਦਿਆਂ ਕਿਸਾਨ ਲੀਡਰਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਾਰਟੀ ਵੀ ਇਨ੍ਹਾਂ ਧਰਨਿਆ ਵਿੱਚੋਂ ਹੀ ਨਿਕਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਹਰਾ ਪੈਨ ਹੁਣ ਕਿਸਾਨਾਂ ਦੀਆ ਫਰਦਾਂ ਵਿੱਚ ਲਾਲ ਲਕੀਰ ਮਾਰ ਰਿਹਾ ਹੈ।