
ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥ ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥ ਮੰਗਲਵਾਰ, ੨੯ ਫੱਗਣ (ਸੰਮਤ ੫੫੫ ਨਾਨਕਸ਼ਾਹੀ) ੧੨ ਮਾਰਚ, ੨੦੨੪ (ਅੰਗ: ੮੬੬)

ਪੰਜਾਬੀ ਵਿਆਖਿਆ: ਗੋਂਡ ਮਹਲਾ ੫ ॥ (ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ, ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ ।੧।ਹੇ ਭਾਈ! ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ ।੧।ਰਹਾਉ।ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ । ਸਰਬ-ਵਿਆਪਕ ਬਖ਼ਸ਼ੰਦ ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ।੨।ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ । ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ।੩।ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, (ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ । ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ ।੪।੧੨।੧੪।