ਹਰਿਆਣਾ ‘ਚ ਗਾਰੰਟੀਆਂ ਦੇਣ ਤੋਂ ਪਹਿਲਾਂ ਪੰਜਾਬ ਚ ਹਰ ਗਰੰਟੀ ਪੂਰੀ ਕਰੇ ‘ਆਪ’ ਸਰਕਾਰ : ਰਵਿੰਦਰ ਫੁੱਲ
ਜਲੰਧਰ / ਬਿਉਰੋ
ਆਮ ਆਦਮੀ ਪਾਰਟੀ ਨੇ ਹੁਣ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਵਾਅਦਾ ਕਰਕੇ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣ ਦੀ ਝੂਠੀ ਗਾਰੰਟੀ ਦੇ ਦਿੱਤੀ ਹੈ, ਜਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੱਤਾ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਕਿਸੇ ਵੀ ਹੱਦ ਤੱਕ ਡਿੱਗ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮੁੱਖ ਬੁਲਾਰਾ ਰਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਭੱਤਾ ਦੇਣ ਦੀ ਗਰੰਟੀ ਦਿੱਤੀ ਸੀ ਅਤੇ ਇਸ ਗਰੰਟੀ ਸਦਕਾ ਹੀ ਪੰਜਾਬ ਦੀਆਂ ਔਰਤਾਂ ਨੇ ‘ਆਪ’ ਨੂੰ ਵੋਟਾਂ ਪਾਈਆਂ ਸਨ, ਜਿਸ ਕਾਰਨ ਸਾਲ 2022 ਵਿੱਚ ਤੁਹਾਡੀ ਆਪ ਸਰਕਾਰ ਬਣੀ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਬ, ਤੁਹਾਨੂੰ ਪੰਜਾਬ ਵਿੱਚ ਸਰਕਾਰ ਬਣਾਈ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਪੂਰਾ ਨਹੀਂ ਕੀਤਾ ਗਿਆ।
AAP ਵਲੰਟੀਅਰ ਵਲੋਂ CM ਨੂੰ ਸਵਾਲ, ‘ਕੀ ਮੈਂ ਮੋਸਟ ਵਾਂਟੇਡ ਹਾਂ’ ਮੁਹੱਲਾ ਕਲੀਨਿਕ ‘ਚ ਨੋ ਐਂਟਰੀ ਦਾ ਪੋਸਟਰ ਲੱਗਾ
ਅਕਾਲੀ ਆਗੂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ ਔਰਤਾਂ ਨੂੰ ਲੁਭਾਉਣ ਲਈ 1000 ਰੁਪਏ ਪ੍ਰਤੀ ਔਰਤ ਪ੍ਰਤੀ ਮਹੀਨਾ ਗਾਰੰਟੀ ਦਿੱਤੀ ਹੈ, ਜਿਸ ਨਾਲ ‘ਆਪ’ ਪਾਰਟੀ ਦਾ ਸੱਤਾ ਦੇ ਲਾਲਚ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਵਿੱਚ ਗਾਰੰਟੀ ਦੇਣ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਪੂਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਆਪ’ ਸਰਕਾਰ ਨੂੰ ਸੱਤਾ ‘ਚ ਆਏ ਕਰੀਬ ਢਾਈ ਸਾਲ ਹੋ ਗਏ ਹਨ ਅਤੇ ਜੇਕਰ ਗਾਰੰਟੀ ਦੀ ਗੱਲ ਕਰੀਏ ਤਾਂ ‘ਆਪ’ ਸਰਕਾਰ ਕੋਲ ਪ੍ਰਤੀ ਔਰਤ ਦਾ 1000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 30 ਹਜ਼ਾਰ ਰੁਪਏ ਬਕਾਇਆ ਹੈ।
ਰਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹ ਸਮਝਣਾ ਹੋਵੇਗਾ ਕਿ ਹਰ ਵਾਰ ਝੂਠ ਅਤੇ ਝੂਠੀਆਂ ਗਰੰਟੀਆਂ ਨਾਲ ਸਰਕਾਰ ਨਹੀਂ ਬਣਦੀ, ਜੇਕਰ ਕੋਈ ਗਾਰੰਟੀ ਦਿੱਤੀ ਗਈ ਹੈ, ਤਾਂ ਉਸ ਨੂੰ ਪੂਰਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਕਈ ਗਾਰੰਟੀਆਂ ਦਿੱਤੀਆਂ ਸਨ, ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਉਕਤ ਗਰੰਟੀਆਂ ਨੂੰ ਕੂੜੇ ਵਿੱਚ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਜਾ ਰਹੀ ਝੂਠੀ ਗਰੰਟੀ ਬਾਰੇ ਹਰਿਆਣਾ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਇਸ ਝੂਠੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਇਆ ਜਾ ਸਕੇ।