ਹਾਈ ਕੋਰਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਹੋਣ ਦਾ ਦਾਅਵਾ ਕਰਨ ਵਾਲੇ ਬੰਦੇ ਵਿਰੁੱਧ ਦਰਜ FIR ਨੂੰ ਰੱਦ ਕਰਨ ਤੋਂ ਇਨਕਾਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਹੀ ਵਿੱਚ ਸਿੱਖਾਂ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵਿਰੁੱਧ ਦਰਜ ਐਫ.ਆਈ.ਆਰ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਬੇਅਦਬੀ ਇੱਕ ਘਿਨੌਣਾ ਅਪਰਾਧ ਹੈ।
ਹਾਈ ਕੋਰਟ ਨੇ ਆਈ.ਪੀ.ਸੀ. ਦੀ ਧਾਰਾ 295-ਏ ਤਹਿਤ ਵਿਅਕਤੀ ਖ਼ਿਲਾਫ਼ ਦਰਜ ਐਫ.ਆਈ.ਆਰ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਹਾਈ ਕੋਰਟ ਨੇ ਕਿਹਾ ਕਿ ਬੇਅਦਬੀ ਇੱਕ ਘਿਨੌਣਾ ਅਪਰਾਧ ਹੈ। ਕੋਰਟ ਨੇ ਕਿਹਾ, “ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ”। ਸੰਜੇ ਰਾਏ ਨਾਮ ਦੇ ਮੁਲਜ਼ਮ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਕਿ ਉਹ ਗੁਰੂ ਨਾਨਕ ਦੇਵ ਦਾ ਅਵਤਾਰ ਹੈ। ਰਾਏ ਨੇ ਇਹ ਵੀ ਕਿਹਾ ਕਿ ਉਹ ਇਸ ਨੂੰ ਆਪਣੇ ਅਧਿਆਤਮਕ ਗਿਆਨ ਨਾਲ ਸਾਬਤ ਕਰ ਸਕਦਾ ਹੈ। ਇਸ ਮਾਮਲੇ ‘ਚ ਹੁਣ ਹਾਈਕੋਰਟ ਨੇ ਕਿਹਾ ਕਿ ਐਫ.ਆਈ.ਆਰ ਰੱਦ ਨਹੀਂ ਹੋਵੇਗੀ।
ਪਟੀਸ਼ਨ ਦਾਇਰ ਕਰਦੇ ਹੋਏ ਸੰਜੇ ਰਾਏ ਨੇ ਹਾਈਕੋਰਟ ਨੂੰ ਦੱਸਿਆ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਦੇ ਖਿਲਾਫ 23 ਦਸੰਬਰ 2022 ਨੂੰ ਅੰਮ੍ਰਿਤਸਰ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਸੀ। ਇਲਜ਼ਾਮ ਅਨੁਸਾਰ ਪਟੀਸ਼ਨਕਰਤਾ ਨੇ ਆਪਣੇ ਆਪ ਨੂੰ ਸਿੱਖਾਂ ਦਾ 12ਵਾਂ ਗੁਰੂ ਐਲਾਨਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੀ ਆਤਮਾ ਉਸਦੇ ਅੰਦਰ ਵੱਸਦੀ ਹੈ। ਇਸ ਸਬੰਧੀ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਗਈ ਸੀ। ਇਸ ਵੀਡੀਓ ਦੇ ਆਧਾਰ ‘ਤੇ ਐਸ.ਜੀ.ਪੀ.ਸੀ. ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।