
ਜਲੰਧਰ, ਐਚ ਐਸ ਚਾਵਲਾ।
ਜਲੰਧਰ ਦੇ ਉਘੇ ਕਾਰੋਬਾਰੀ ਨਿਤਨ ਕੋਹਲੀ ਇਕ ਵਾਰ ਫਿਰ ਹਾਕੀ ਪੰਜਾਬ ਸੰਸਥਾ ਦੇ ਪ੍ਰਧਾਨ ਬਣ ਗਏ ਹਨ ਜਦਕਿ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਜਨਰਲ ਸਕੱਤਰ ਚੁਣੇ ਗਏ ਹਨ। ਸਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਕੀ ਪੰਜਾਬ ਦੀ ਸਲਾਨਾ ਜਨਰਲ ਮੀਟਿੰਗ ਦੌਰਾਨ ਜਨਰਲ ਬਾਡੀ ਦੀ 4 ਸਾਲ ਲਈ ਚੋਣ ਕੀਤੀ ਗਈ। ਇਸ ਜਨਰਲ ਮੀਟਿੰਗ ਵਿਚ ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਗੁਰਪ੍ਰੀਤ ਸਿੰਘ (ਜਿਲ੍ਹਾ ਖੇਡ ਅਫਸਰ) ਚੋਣ ਅਧਿਕਾਰੀ ਦੀ ਦੇਖ ਰੇਖ ਹੇਠ ਨਿਰਵਿਰੋਧ ਹੋਈ ਹੈ।
ਇਸ ਮੀਟਿੰਗ ਵਿਚ ਹਾਕੀ ਇੰਡੀਆ ਵਲੋਂ ਸ਼ਿਵਲੋਚਕ ਦੀਪ ਸਿੰਘ ਬਤੌਰ ਆਬਜ਼ਰਵਰ, ਪੰਜਾਬ ਉਲੰਪਿਕ ਐਸੋਸੀਏਸ਼ਨ ਵਲੋਂ ਪ੍ਰਭਜੀਵ ਸਿੰਘ ਬਤੌਰ ਆਬਜ਼ਰਵਰ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਚੁਣੇ ਗਏ ਅਹੁਦੇਦਾਰਾਂ ਵਿੱਚ ਉਲੰਪੀਅਨ ਬਲਵਿੰਦਰ ਸ਼ੰਮੀ ਅਤੇ ਡਾਕਟਰ ਨਵਜੋਤ ਕੌਰ (ਮੀਤ ਪ੍ਰਧਾਨ), ਬਲਜੀਤ ਸਿੰਘ ਅਤੇ ਰੇਣੂ ਬਾਲਾ (ਸੰਯੁਕਤ ਸਕੱਤਰ), ਸੰਜੀਵ ਕੁਮਾਰ (ਖਜਾਨਚੀ), ਰਾਜਵੰਤ ਸਿੰਘ, ਕੁਲਬੀਰ ਸਿੰਘ, ਗੁਰਮੀਤ ਸਿੰਘ, ਮੀਨਾਕਸ਼ੀ ਅਤੇ ਪਰਮਿੰਦਰ ਕੌਰ (ਐਗਜੀਕਊਟਿਵ ਮੈਂਬਰ) ਚੁਣੇ ਗਏ ਹਨ।
ਇਸ ਮੀਟਿੰਗ ਦਾ ਸੰਚਾਲਨ ਹਾਕੀ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਉਲੰਪੀਅਨ ਪਰਗਟ ਸਿੰਘ ਵਲੋਂ ਕੀਤਾ ਗਿਆ। ਹਾਕੀ ਇੰਡੀਆ ਵਲੋਂ 24 ਜਨਵਰੀ 2022 ਨੂੰ ਹਾਕੀ ਪੰਜਾਬ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਹੁਣ ਹਾਕੀ ਪੰਜਾਬ ਦੀ ਮਾਨਤਾ ਸਥਾਈ ਮੈਂਬਰ ਵਜੋਂ ਬਹਾਲ ਕਰ ਦਿੱਤੀ ਗਈ ਹੈ।
ਇਸ ਮੌਕੇ ਤੇ ਉਲੰਪੀਅਨ ਪਰਗਟ ਸਿੰਘ ਨੇ ਹਾਕੀ ਪੰਜਾਬ ਦੀ ਨਵੀਂ ਚੁਣੀ ਗਈ ਜਨਰਲ ਬਾਡੀ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੀ ਹਾਕੀ ਨੂੰ ਉਪਰ ਲਿਜਾਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ। ਇਸ ਮੀਟਿੰਗ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਵਿਚੋਂ 20 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।