ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੈੱਬ ਸੀਰੀਜ਼ CAT ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਰਣਦੀਪ ਦੀ ਵੈੱਬ ਸੀਰੀਜ਼ ‘ਕੈਟ’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਸੀਰੀਜ਼ ‘ਚ ਰਣਦੀਪ ਪੰਜਾਬ ‘ਚ ਨਸ਼ਾ ਤਸਕਰੀ ‘ਚ ਫਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ‘ਕੈਟ’ ਮਸ਼ਹੂਰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਵੈਬ ਸੀਰੀਜ਼ ‘ਚ ਪੰਜਾਬ ਨੂੰ ਨਸ਼ਿਆਂ ਦੇ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ। ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਰਣਦੀਪ ਹੁੱਡਾ ਨੇ ਸਿੱਖਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਸਿੱਖਾਂ ਬਾਰੇ ਗੱਲ਼ ਕਰਦੇ ਹੋਏ ਰਣਦੀਪ ਨੇ ਕਿਹਾ ਕਿ ਸਿੱਖ ਅਜਿਹੇ ਨਹੀਂ ਹਨ ਜਿਵੇਂ ਹਿੰਦੀ ਸਿਨੇਮਾ ‘ਚ ਦਿਖਾਏ ਜਾਂਦੇ ਹਨ। ਸਰਦਾਰਾਂ ‘ਤੇ ਚੁਟਕਲੇ ਬਣਾਏ ਜਾਂਦੇ ਹਨ। ਮਿਊਜ਼ਿਕ ਵੀਡੀਓਜ਼ ਵਿਚ ਬੰਦੂਕਾਂ ਵਿਖਾਈਆਂ ਜਾਂਦੀਆਂ ਹਨ। ਸਿੱਖ ਦਾ ਅਰਥ ਹਮੇਸ਼ਾ ਸਿੱਖਦੇ ਰਹਿਣਾ ਹੁੰਦਾ ਹੈ। ਇਹ ਬਹੁਤ ਹੀ ਨਿਮਰ, ਸਮਾਜ ਸੇਵੀ ਅਤੇ ਦਿਆਲੂ ਕੌਮ ਹੁੰਦੀ ਹੈ। ਹਿੰਦੀ ਸਿਨੇਮਾ ਨੇ ਉਸ ਦੇ ਅਕਸ ਨੂੰ ਢਾਅ ਲਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਵੈੱਬ ਸੀਰੀਜ਼ ‘ਕੈਟ’ ‘ਚ ਅਸੀਂ ਅਸਲੀ ਸਿੱਖਾਂ ਨੂੰ ਦਿਖਾਇਆ ਹੈ ਅਤੇ ਉਸ ਪੰਜਾਬ ਨੂੰ ਦਿਖਾਇਆ ਹੈ, ਜਿਸ ‘ਤੇ ਆਮ ਤੌਰ ‘ਤੇ ਹਿੰਦੀ ਸਿਨੇਮਾ ਦੀ ਨਜ਼ਰ ਨਹੀਂ ਜਾਂਦੀ।