ਦਰਅਸਲ ਹੋਲੀ ਵਾਲੇ ਦਿਨ ਸੋਮਵਾਰ ਸਵੇਰੇ ਕਰੀਬ 5 ਵਜੇ ਅੰਬ ਦੇ ਮੇੜੀ ਮੇਲਾ ਸੈਕਟਰ ਨੰਬਰ 5 ‘ਚ ਚਰਨ ਗੰਗਾ ‘ਚ ਪਵਿੱਤਰ ਝਰਨੇ ‘ਚ ਸ਼ਰਧਾਲੂ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਅਚਾਨਕ ਪਹਾੜ ਤੋਂ ਪੱਥਰ ਡਿੱਗਣੇ ਸ਼ੁਰੂ ਹੋ ਗਏ। ਪਹਾੜ ਤੋਂ ਪੱਥਰ ਡਿੱਗਦੇ ਦੇਖ ਕੇ ਸ਼ਰਧਾਲੂਆਂ ‘ਚ ਭਗਦੜ ਮੱਚ ਗਈ ਅਤੇ ਚਰਨ ਗੰਗਾ ‘ਚ ਇਸ਼ਨਾਨ ਕਰ ਰਹੇ 9 ਸ਼ਰਧਾਲੂ ਜ਼ਖਮੀ ਹੋ ਗਏ।
ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਅੰਬ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਤਿੰਨ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਊਨਾ ਦੇ ਖੇਤਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਵਧੀਕ ਪੁਲਿਸ ਸੁਪਰਡੈਂਟ ਸੰਜੀਵ ਭਾਟੀਆ ਨੇ ਦੱਸਿਆ ਕਿ ਪਹਾੜ ਖਿਸਕਣ ਕਾਰਨ ਜ਼ਖ਼ਮੀ ਹੋਏ ਸ਼ਰਧਾਲੂਆਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਜਦੋਂਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ‘ਚ ਜ਼ਖਮੀਆਂ ‘ਚ ਗੋਵਿੰਦ (30) ਪੁੱਤਰ ਦੇਵ ਰਾਜ ਵਾਸੀ ਬਰਨਾਲਾ, ਧਰਮਿੰਦਰ ਸਿੰਘ (40) ਪੁੱਤਰ ਜਸਪਾਲ ਸਿੰਘ ਵਾਸੀ ਸੋਲ ਜ਼ਿਲਾ ਤਰਨਤਾਰਨ, ਹਰਪਾਲ ਸਿੰਘ (45) ਪੁੱਤਰ ਸ਼ੇਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਬਬਲੂ (17) ਪੁੱਤਰ ਲਾਲੀ ਵਾਸੀ ਪਿੰਡ ਬਰਾੜ ਅੰਮ੍ਰਿਤਸਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਹਾਦਸੇ ਵਿੱਚ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਪੰਜਾਬ ਅਤੇ ਬਲਵੀਰ ਚੰਦ ਪੁੱਤਰ ਵਤਨਾ ਰਾਮ ਵਾਸੀ ਫਰੀਦਪੁਰ, ਜਲੰਧਰ ਪੰਜਾਬ ਦੀ ਮੌਤ ਹੋ ਗਈ ਹੈ