
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਕਿਸੇ ਵੀ ਭਰਤੀ ਰੈਲੀ ਲਈ ਪੂਰੀ ਤਰਾਂ ਤਿਆਰ ਹੈ ਅਤੇ ਨਿਰਧਾਰਤ ਸਥਾਨਾਂ ‘ਤੇ ਸਾਰੇ ਲੋੜੀਂਦੇ ਪ੍ਰਬੰਧ ਅਤੇ ਸਹੂਲਤਾਂ ਉਪਲਬਧ ਕਰਵਾ ਕੇ ਭਰਤੀ ਕਰਨ ਵਾਲੀ ਅਥਾਰਟੀ ਨੂੰ ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਰਤੀ ਰੈਲੀ ਨਵੰਬਰ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਅਸਰਦਾਰ ਕਦਮ ਚੁੱਕੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਨੂੰ ਪਿਛਲੇ ਸਮੇਂ ਵਿੱਚ ਛਾਉਣੀ ਅਤੇ ਆਰਮਡ ਪੁਲਿਸ ਕੰਪਲੈਕਸ ਵਿੱਚ ਫੌਜ ਅਤੇ ਸਟੇਟ ਪੁਲਿਸ ਵਿੱਚ ਭਰਤੀਆਂ ਕਰਨ ਦਾ ਚੰਗਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਭਰਤੀ ਲਈ ਨਿਰਧਾਰਤ ਸਥਾਨਾਂ ‘ਤੇ ਢੁਕਵੇਂ ਪ੍ਰਬੰਧ ਅਤੇ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਵੱਡੀ ਗਿਣਤੀ ਵਿੱਚ ਭਰਤੀ ਰੈਲੀ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਸੁਵਿਧਾ ਹੋ ਸਕੇ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫੌਜ ਦੇ ਅਧਿਕਾਰੀਆਂ ਪਾਸ ਛਾਉਣੀ ਖੇਤਰ ਵਿੱਚ ਭਰਤੀ ਰੈਲੀਆਂ ਕਰਨ ਲਈ ਵੱਖ-ਵੱਖ ਢੁੱਕਵੇਂ ਸਥਾਨ ਹਨ, ਜਿੱਥੇ ਵੱਡੇ ਪੱਧਰ ’ਤੇ ਭਰਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਜ ਦੇ ਅਧਿਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾਵੇਗਾ ਤਾਂ ਜੋ ਭਰਤੀ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ ਜਾ ਸਕੇ।