0-5 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ’ਤੇ ਦਿੱਤਾ ਜ਼ੋਰ
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਸਮੀਖਿਆ ਕਰਦਿਆਂ 0-5 ਸਾਲ ਉਮਰ ਵਰਗ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਉਣ ਦੀ ਲੋੜ ’ਤੇ ਦਿੱਤਾ ਜ਼ੋਰ ਦਿੱਤਾ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਅਧਿਕਾਰੀਆਂ, ਸੇਵਾ ਕੇਂਦਰ ਅਤੇ ਗੈਰ ਸਰਕਾਰੀ ਇਨਰੋਲਮੈਂਟ ਏਜੰਸੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2022 ਦੀ ਅਨੁਮਾਨਿਤ ਆਬਾਦੀ ਅਨੁਸਾਰ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਪਹਿਲਾਂ ਹੀ 26,54,774 ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ 0-5 ਸਾਲ ਉਮਰ ਵਰਗ ਤੋਂ ਘੱਟ ਉਮਰ ਦੇ 63,279 ਬੱਚਿਆਂ ਨੂੰ ਆਧਾਰ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ । ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ 0-5 ਸਾਲ ਉਮਰ ਵਰਗ ਤੋਂ ਘੱਟ ਉਮਰ ਦੀ ਆਧਾਰ ਰਜਿਸਟ੍ਰੇਸ਼ਨ ਨੂੰ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਸ ਉਮਰ ਵਰਗ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕੇ।
ਸਕੂਲ ਸਿੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਉਪਲਬਧ ਸਾਧਨਾਂ ਦੀ ਸੌ ਫੀਸਦੀ ਵਰਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਨਰੋਲਮੈਂਟ ਕਿੱਟਾਂ ਨੂੰ ਲਿਜਾਣ ਸਬੰਧੀ ਰੂਟ ਪਲਾਨ ਪਹਿਲਾਂ ਹੀ ਤਿਆਰ ਕਰ ਕੇ ਇਨਰੋਲਮੈਂਟ ਏਜੰਸੀਆਂ ਨਾਲ ਸਾਂਝਾ ਕੀਤਾ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਰਜਿਸਟ੍ਰੇਸ਼ਨ ਕੈਂਪ ਵਾਲੇ ਸਥਾਨਾਂ ’ਤੇ ਲਿਜਾਣ ਲਈ ਢੁੱਕਵੇਂ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਜਨਤਕ ਸੇਵਾਵਾਂ ਜਿਵੇਂ ਡਰਾਈਵਿੰਗ ਲਾਇਸੈਂਸ, ਪਾਸਪੋਰਟ ਆਦਿ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਲਿਆਉਣ ਅਤੇ ਦਾਖ਼ਲਾ, ਟੀਕਾਕਰਨ, ਲਾਪਤਾ ਬੱਚਿਆਂ ਦਾ ਪਤਾ ਲਗਾਉਣ ਵਿੱਚ ਆਧਾਰ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਜਸਪ੍ਰੀਤ ਸਿੰਘ ਨੇ ਆਮ ਲੋਕਾਂ ਨੂੰ ਆਪਣੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਇਹ ਦੱਸਿਆ ਕਿ ਦੇਸ਼ ਭਰ ਵਿੱਚ ਗੁੰਮਸ਼ੁਦਾ ਬੱਚਿਆਂ ਦੇ 500 ਤੋਂ ਵੱਧ ਮਾਮਲਿਆਂ ਨੂੰ ਆਧਾਰ ਦੀ ਵਰਤੋਂ ਸਦਕਾ ਹੱਲ ਕੀਤਾ ਗਿਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ 5 ਅਤੇ 15 ਸਾਲ ਦੀ ਉਮਰ ਪੂਰੀ ਹੋਣ ‘ਤੇ ਬੱਚਿਆਂ ਦੇ ਬਾਇਓਮੈਟ੍ਰਿਕਸ ਆਧਾਰ ‘ਚ ਅਪਡੇਟ ਕਰਨਾ ਲਾਜ਼ਮੀ ਹੈ। ਨਵੀਂ ਆਧਾਰ ਰਜਿਸਟ੍ਰੇਸ਼ਨ ਅਤੇ 5 ਅਤੇ 15 ਸਾਲ ਦੀ ਉਮਰ ਪੂਰੀ ਹੋਣ ’ਤੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਮੁਫ਼ਤ ਹਨ।
ਲੋਕਾਂ ਨੂੰ ਆਧਾਰ ਦੀ ਵਿਆਪਕ ਕਵਰੇਜ ਲਈ ਸਰਕਾਰੀ ਏਜੰਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸਮੇਂ ਸੇਵਾ ਕੇਂਦਰਾਂ, ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਰੋਟੇਸ਼ਨਲ ਆਧਾਰ ‘ਤੇ, ਡਾਕਘਰਾਂ ਅਤੇ ਬੈਂਕਾਂ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਸਹੂਲਤ ਉਪਲਬਧ ਹੈ। 0-5 ਸਾਲ ਦੀ ਉਮਰ ਦੇ ਬੱਚਿਆਂ ਦੀ ਨਵੀਂ ਰਜਿਸਟ੍ਰੇਸ਼ਨ/ਅਪਡੇਸ਼ਨ ਲਈ ਮਾਪੇ ਜ਼ਿਲ੍ਹੇ ਦੇ ਸਬੰਧਤ ਸੇਵਾ ਕੇਂਦਰਾਂ/ਆਂਗਣਵਾੜੀ ਕੇਂਦਰਾਂ/ਸੀ.ਡੀ.ਪੀ.ਓ. ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ ਜਾਂ https://bit.ly/3pwHYYx ਰਾਹੀਂ ਆਪਣੇ ਨੇੜਲੇ ਆਧਾਰ ਇਨਰੋਲਮੈਂਟ ਸੈਂਟਰ ਵਿਖੇ ਪਹੁੰਚ ਕਰ ਸਕਦੇ ਹਨ ।