ਜਲੰਧਰ, ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਇਆ। ਇਸ ਵਿਚ ਸਭ ਤੋਂ ਪਹਿਲਾਂ ਇਜ਼ਰਾਈਲ-ਹਮਾਸ ਜੰਗ ‘ਚ ਮਾਰੇ ਗਏ 62 ਪੱਤਰਕਾਰਾਂ ਅਤੇ ਰੂਸ-ਯੂਕਰੇਨ ਦੀ ਜੰਗ ਵਿਚ ਮਾਰੇ ਗਏ 11 ਪੱਤਰਕਾਰਾਂ ਅਤੇ ਇਸ ਤੋਂ ਇਲਾਵਾ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰ ਪੱਤਰਕਾਰਾਂ ਅਤੇ ਪੰਜਾਬ ਦੇ ਹੋਰ ਉੱਘੇ ਪੱਤਰਕਾਰ ਜੋ ਇਸ ਸਾਲ ਸਦੀਵੀ ਵਿਛੋੜਾ ਦੇ ਗਏ ਹਨ, ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਵਿਛੜੇ ਇਨ੍ਹਾਂ ਪੱਤਰਕਾਰਾਂ ਅਤੇ ਲੇਖਕਾਂ ਵਿਚ ਸ. ਅੰਮ੍ਰਿਤਪਾਲ ਸਿੰਘ (ਯੁੱਗ ਮਾਰਗ ਫਿਲੌਰ), ਸੱਤਪਾਲ ਸੇਤੀਆ (ਡੀ.ਐਮ. ਨਿਊਜ਼), ਰਵੀ ਗਿੱਲ (ਸੰਪਾਦਕ ਸਾਂਝਾ ਪੰਜਾਬ ਟੀ.ਵੀ.), ਜਤਿੰਦਰ ਮੋਹਨ ਵਿਗ (ਜਨਤਾ ਸੰਸਾਰ), ਸੀਨੀਅਰ ਪੱਤਰਕਾਰ ਐੱਨ. ਐੱਸ. ਪਰਵਾਨਾ ਅਤੇ ਪ੍ਰੋਫ਼ੈਸਰ ਪਿਆਰਾ ਸਿੰਘ ਭੋਗਲ ਆਦਿ ਸ਼ਾਮਿਲ ਹਨ।
ਇਸ ਤੋਂ ਉਪਰੰਤ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ 2023 ਵਿਚ ਪੰਜਾਬ ਪ੍ਰੈੱਸ ਕਲੱਬ ਦੀਆਂ ਰਹੀਆਂ ਸਰਗਰਮੀਆਂ ਅਤੇ ਆਉਣ ਵਾਲੇ ਸਮੇਂ ਵਿਚ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਵਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਇਜਲਾਸ ਵਿਚ ਸ਼ਾਮਿਲ ਰੈਗੂਲਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ।
ਪ੍ਰੈੱਸ ਕਲੱਬ ਦਾ ਇਹ ਜਨਰਲ ਇਜਲਾਸ ਗਵਰਨਿੰਗ ਕੌਂਸਲ ਦੇ ਅਹੁਦੇਦਾਰਾਂ, ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਖਜ਼ਾਨਚੀ ਸ਼ਿਵ ਕੁਮਾਰ ਸ਼ਰਮਾ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਸਕੱਤਰ ਮੇਹਰ ਮਲਿਕ ਅਤੇ ਜੁਆਇੰਟ ਸਕੱਤਰ ਰਾਕੇਸ਼ ਸੂਰੀ ਦੀ ਸਮੂਹਿਕ ਪ੍ਰਧਾਨਗੀ ਹੇਠ ਹੋਇਆ।
ਪ੍ਰੈੱਸ ਕਲੱਬ ਦੇ ਇਸ ਇਜਲਾਸ ਨੂੰ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰੋਫ਼ੈਸਰ ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ, ਪਾਲ ਸਿੰਘ ਨੌਲੀ, ਸੁਰਿੰਦਰ ਸਿੰਘ ਸੁੰਨੜ, ਅਸ਼ੋਕ ਅਨੁਜ, ਗੁਰਪ੍ਰੀਤ ਸੰਧੂ, ਸੁਕਰਾਂਤ ਸਫ਼ਰੀ, ਟਿੰਕੂ ਪੰਡਿਤ, ਮਹਾਵੀਰ ਸੇਠ, ਪੁਸ਼ਪਿੰਦਰ ਕੌਰ, ਬਿੱਟੂ ਉਬਰਾਏ ਤੇ ਰਾਜੇਸ਼ ਸ਼ਰਮਾ ਵਲੋਂ ਸੰਬੋਧਨ ਕੀਤਾ ਗਿਆ।
ਬੁਲਾਰਿਆਂ ਨੇ ਪੰਜਾਬ ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਦੀ 2023 ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ਅਤੇ ਇਸ ਦੇ ਨਾਲ ਹੀ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਪੀਲੇ ਕਾਰਡ ਬਣਾਉਣ ਵਿਚ ਆ ਰਹੀਆਂ ਮੁਸ਼ਕਿਲਾਂ, ਰਾਜ ਵਿਚ ਪੱਤਰਕਾਰਾਂ ਲਈ ਪੈਦਾ ਹੋ ਰਹੀਆਂ ਚੁਣੌਤੀਆਂ, ਪੱਤਰਕਾਰਾਂ ਦਾ ਬੀਮਾ ਕਰਵਾਉਣ ਦੀ ਲੋੜ ਆਦਿ ਨਾਲ ਸੰਬੰਧਿਤ ਮੁੱਦੇ ਉਠਾਏ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ 58 ਸਾਲ ਤੋਂ ਵੱਧ ਉਮਰ ਦੇ ਪੱਤਰਕਾਰਾਂ ਦੀ ਖ਼ਤਮ ਕੀਤੀ ਜਾ ਰਹੀ ਐਕਰੀਡੇਸ਼ਨ ਦੀ ਆਲੋਚਨਾ ਕੀਤੀ ਅਤੇ ਸਰਕਾਰ ਤੋਂ ਜਿਹੜੇ ਪੱਤਰਕਾਰ ਅਖ਼ਬਾਰਾਂ ਜਾਂ ਟੈਲੀਵਿਜ਼ਨ ਚੈਨਲਾਂ ਜਾਂ ਵੈੱਬ ਚੈਨਲਾਂ ਲਈ ਅਜੇ ਵੀ ਕੰਮ ਕਰ ਰਹੇ ਹਨ, ਉਨ੍ਹਾਂ ਦੀ ਐਕਰੀਡੇਸ਼ਨ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ। ਕੁਝ ਪੱਤਰਕਾਰਾਂ ਵਲੋਂ ਜਲੰਧਰ ਵਿਚ ਪੱਤਰਕਾਰਾਂ ਲਈ ਸਰਕਾਰ ਤੋਂ ਕਾਲੋਨੀ ਬਣਾਉਣ ਲਈ ਪਲਾਟ ਹਾਸਿਲ ਕਰਨ ਦਾ ਮੁੱਦਾ ਵੀ ਉਠਾਇਆ ਗਿਆ। ਪ੍ਰੈੱਸ ਕਲੱਬ ਦੀ ਗਵਰਨਿੰਗ ਕੌਂਸਲ ਨੂੰ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਆਪਣੇ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ। ਇਸ ਜਨਰਲ ਇਜਲਾਸ ਵਿਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੇਹਰ ਮਲਿਕ ਵਲੋਂ ਨਿਭਾਈ ਗਈ।
ReplyForward |