
ਜੰਨਤ ਬਣੀ ਜਹੰਨਮ
ਜਸਬੀਰ ਸਿੰਘ ਪੱਟੀ 9356024684
ਦੁਨੀਆਂ ਦੀ ਜੰਨਤ ਮੰਨੀ ਜਾਂਦੀ ਕਸ਼ਮੀਰ ਘਾਟੀ ਦਾ ਦਿਲ ਮੰਨੇ ਜਾਂਦੇ ਪਹਿਲਗਾਮ ਦੀ ਸਵਰਗਵਾਦੀ ਵਿੱਚ ਹੋਏ ਅੱਤਵਾਦੀ ਹਮਲੇ ਨਾਲ 27 ਵਿਅਕਤੀਆਂ ਦੀ ਧਰਮ ਦੇ ਆਧਾਰ ‘ਤੇ ਕੀਤੇ ਗਏ ਕਤਲਾਂ ਨੇ ਇੱਕ ਵਾਰੀ ਪੂਰੇ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਅੱਤਵਾਦ ਨਾਲ ਜੂਝਣ ਲਈ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਇਹ ਹਮਲਾ ਇੱਕ ਗਿਣੀ ਮਿਣੀ ਸ਼ਾਜਿਸ ਤਹਿਤ ਕੀਤਾ ਗਿਆ ਕਿ ਅੱਤਵਾਦੀ ਇੱਕ ਇੱਕ ਸੈਲ਼ਾਨੀ ਦਾ ਧਰਮ ਪੁੱਛ ਕੇ ੳਸ ਨੂੰ ਗੋਲੀਆਂ ਮਾਰਦੇ ਰਹੇ।ਆਮ ਤੌਰ ਤੇ ਅੱਤਵਾਦੀ ਅੰਧਾ ਧੂੰਦ ਫਾਇਰਰਿੰਗ ਕਰਕੇ ਦੌੜ ਜਾਂਦੇ ਹਨ ਪਰ ਇਸ ਘਟਨਾ ਸਮੇਂ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਕਰੀਬ 35 ਮਿੰਟ ਇਹ ਤਾਂਡਵ ਵਰਤਾਉਦੇ ਰਹੇ ਪਰ ਕੋਈ ਵੀ ਸੁਰੱਖਿਆਂ ਕਰਮਚਾਰੀ ਮੌਕੇ ਤੇ ਨਾ ਪੁੱਜਾ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜਿਥੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ ਉਥੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰਨ ਲਈ ਸਾਂਝੀ ਕਮੇਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।
ਗੁਰੂਆਂ, ਪੀਰਾਂ, ਪੈਗੰਬਰਾਂ, ਜਰਨੈਲਾਂ, ਯੋਧਿਆਂ, ਰਿਸ਼ੀਆਂ, ਮੁਨੀਆਂ ਤੇ ਭਗਤਾਂ ਦੀ ਧਰਤੀ ਪੰਜਾਬ ਜੇਕਰ ਇਹ ਮਾਣ ਪ੍ਰਾਪਤ ਹੈ ਕਿ ਇਥੇ ਸਭਿਆਚਾਰ ਦੀ ਪਹਿਲੀ ਕਿਰਨ ਦਾ ਅਗਾਜ਼ ਹੋਇਆ ਸੀ ਤਾਂ ਕਸ਼ਮੀਰ ਦੀ ਧਰਤੀ ਨੂੰ ਮਾਣ ਹੈ ਕਿ ਇਥੋਂ ਦੀ ਸ਼ਾਇਰੀ ਨੇ ਮੁਹੱਬਤ ਦੇ ਫੁੱਲ ਵੀ ਇਥੋਂ ਹੀ ਖਿਲਾਏ।ਇਸ ਧਰਤੀ ਦੇ ਹਰ ਦਰਿਆ, ਨਦੀ ਤੇ ਝੀਲ ਨੇ ਸਾਂਝ ਦੀ ਲੋਰੀ ਦੇ ਗੀਤ ਗਾਏ।ਕਸ਼ਮੀਰ ਹਮੇਸ਼ਾਂ ਹੀ ਮੁਹੱਬਤ ਤੇ ਸਾਂਝੇ ਸਭਿਆਚਾਰ ਦੀ ਨਿਸ਼ਾਨੀ ਰਿਹਾ ਹੈ।ਸਿੱਖ, ਹਿੰਦੂ, ਬੋਧੀ, ਜੈਨੀ ਤੇ ਮੁਸਲਮਾਨ ਨੇ ਵੀ ਇਥੋਂ ਦੀਆਂ ਲੋਰੀਆਂ ਨਾਲ ਆਪਣਾ ਨਾਤਾ ਜੋੜਿਆ ਹੋਇਆ ਹੈ।ਸਾਡੇ ਸਿਆਸੀ ਆਗੂਆਂ ਦੀ ਗੰਦਲੀ ਸਿਆਸਤ ਕਾਰਨ ਇਥੇ ਧਰਮ ਨੂੰ ਹਥਿਆਰ ਬਣਾ ਕੇ ਆਪਣੇ ਨਿੱਜੀ ਮੁਫਾਜ਼ਾਂ ਲਈ ਵਰਤਿਆ ਗਿਆ ਜਦ ਕਿ ਧਰਮ ਪਿਆਰ ਤੇ ਕਰੁਣਾ ਦੀ ਪਛਾਣ ਹੋਣੀ ਚਾਹੀਦੀ ਹੈ।ਧਰਮ ਦੇ ਨਾਮ ਤੇ ਅਕਸਰ ਰੋਟੀਆਂ ਸੇਕੀਆਂ ਜਾਂਦੀਆਂ ਹਨ ਤੇ ਇਹ ਹਮਲੇ ਹਮੇਸ਼ਾਂ ਬੇਕਸੂਰਾਂ ਦੀ ਜਾਨ ਲੈਦੇ ਹਨ।ਕਸ਼ਮੀਰ ਦਾ ਦਿਲ ਵਜੋ ਜਾਣੀ ਜਾਂਦੀ ਪਹਿਲਗਾਮ ਦੀ ਘਾਟੀ ਹਾਲੇ ਚੁੱਪ ਹੈ ਪਰ ਇਸ ਚੁੱਪ ਅੰਦਰ ਇਹ ਗੂੰਜ ਹੈ ਕਿ ਮਦਦ ਕਰੋ, ਅਵਾਜ਼ ਚੁੱਕੋ, ਹਿੰਸਾ ਰੋਕੋ। ਪਹਿਲਗਾਮ ਦੇ ਲੋਕ ਜਿਹਨਾਂ ਨੇ ਪੀੜਤਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਇਹ ਕਹਿ ਕੇ ਚੁੱਪ ਤੋੜ ਰਹੇ ਹਨ ਕਿ ਜੇਕਰ ਉਹ ਹਾਲੇ ਵੀ ਚੁੱਪ ਰਹੇ ਤਾਂ ਇਹ ਗੋਲੀਆਂ ਉਹਨਾਂ ਦੇ ਘਰਾਂ ਤੱਕ ਵੀ ਆ ਸਕਦੀਆਂ ਹਨ।ਇਸ ਲਈ ਮੁਹੱਬਤ ਦੀ ਇਸ ਵਾਦੀ ਨੂੰ ਇਸ ਦੀ ਪਛਾਣ ਦੇਣੀ ਪਵੇਗੀ।
ਕਸ਼ਮੀਰ ਦੇ ਦਰਦ ਦੀ ਗੱਲ ਕੀਤੀ ਜਾਵੇ ਤਾਂ ਕਸ਼ਮੀਰੀ ਨੌਜਵਾਨਾਂ ਨੂੰ ਗੁਆਢੀ ਮੁਲਕ ਪਾਕਿਸਤਾਨ ਦੀ ਬਦਨਾਮ ਗੁਪਤਚਰ ਏਜੰਸੀ ਆਈ ਐਸ ਆਈ ਨੇ ਗੁੰਂਮਰਾਹ ਕਰਕੇ ਪਿਛਲੇ ਕਈ ਦਹਾਕਿਆਂ ਤੇ ਵਰਤਿਆ। ਅੱਜ ਕਸ਼ਮੀਰ ਦਾ ਨੌਜਵਾਨ ਸਮਝਦਾ ਹੈ ਕਿ ਇਸ ਮੁਹੱਬਤ ਦੀ ਵਾਦੀ ਨੂੰ ਮੁੜ ਮੁਹੱਬਤ ਦੀ ਅਲੰਬਦਾਰ ਬਣਾਇਆ ਜਾਵੇ। ਘਟਨਾ ਸਮੇਂ ਖੱਚਰਾਂ ਦਾ ਕਾਰੋਬਾਰ ਕਰਨ ਵਾਲਾ ਇੱਕ ਕਸ਼ਮੀਰੀ ਨੌਜਵਾਨ ਅੱਤਵਾਦੀਆਂ ਨਾਲ ਉਸ ਵੇਲੇ ਭਿੜ ਗਿਆ ਜਦੋਂ ਉਸਨੇ ਇੱਕ ਅੱਤਵਾਦੀ ਦੀ ਗੰਨ ਦੀ ਨਾਲੀ ਇਹ ਕਹਿ ਕੇ ਫੜ ਲਈ ਕਿ ਉਹ ਜੋ ਕੁਝ ਕਰ ਰਿਹਾ ਹੈ ਉਹ ਜਿਥੇ ਮਨੁੱਖਤਾ ਦਾ ਘਾਣ ਕਰ ਰਿਹਾ ਹੈ ਉਥੇ ਕਸ਼ਮੀਰ ਦੀ ਇਸ ਘਾਟੀ ਦੇ ਲੋਕਾਂ ਲਈ ਸਰਾਪ ਵੀ ਹੈ।ਅੱਤਵਾਦੀ ਨੇ ਉਸ ਨੂੰ ਵੀ ਗੋਲੀ ਦਾ ਸ਼ਿਕਾਰ ਬਣਾ ਕੇ ਮਾਰ ਦਿੱਤਾ ਜਿਸ ਦੀਆਂ ਅੰਤਮ ਰਸਮਾਂ ਵਿੱਚ ਉਥੋਂ ਦਾ ਮੁੱਖ ਮੰਤਰੀ ਉਮਰ ਅਬਦੁੱਲਾ ਪੁੱਜਾ ਜਿਸ ਨੇ ਉਸ ਨੌਜਵਾਨ ਦਾ ਫਾਹਤਿਆਂ ਖੁਦ ਪੜਿਆ।ਘਾਟੀ ਦੇ ਲੋਕਾਂ ਨੇ ਪੀੜਤਾਂ ਨਾਲ ਬਿਸਮਿਲਾ ਬਿਸਮਿਲਾ ਕਹਿ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਜਖਮੀਆਂ ਨੂੰ ਮੋਢਿਆਂ ਤੇ ਚੁੱਕ ਕੇ ਹਸਪਤਾਲ ਪਹੁੰਚਾਇਆ। ਇਹ ਮੰਜ਼ਰ ਬੜਾ ਭਿਆਨਕ ਸੀ ਜਿਸ ਔਰਤ ਦਾ ਪਤੀ ਕੁਝ ਮਿੰਟ ਪਹਿਲਾਂ ਉਸ ਨਾਲ ਅਨੰਦਮਈ ਘਾਟੀ ਦੇ ਨਜ਼ਾਰਿਆਂ ਦਾ ਲੁਤਫ ਲੈ ਰਿਹਾ ਸੀ ਉਹ ਸੈਕਿੰਡਾਂ ਵਿੱਚ ਹੀ ਲਾਸ਼ ਬਣ ਕੇ ਉਸ ਦੇ ਸਾਹਮਣੇ ਪਿਆ ਸੀ।ਇਸ ਸਮੇਂ ਉਸ ਔਰਤ ਦੀ ਕੀ ਹਾਲਤ ਹੋਵੇਗੀ ਇਹ ਅੰਦਾਜ਼ਾ ਲਗਾੁੳਣਾ ਕਾਫੀ ਮੁਸ਼ਕਲ ਹੈ।
ਕਸ਼ਮੀਰ ਦਾ ਮਾਮਲਾ 1947 ਦੀ ਵੰਡ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਤੇ ਪਹਿਲਾਂ ਇਸ ਨੂੰ ਇੱਕ ਵੱਖਰੇ ਦੇਸ਼ ਦੀ ਤਰ੍ਹਾਂ ਇਥੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹੋਇਆ ਕਰਦਾ ਸੀ ਤੇ ਕਸ਼ਮੀਰੀਆਂ ਦੇ ਹਿੱਤਾਂ ਨੂੰ ਲੈ ਕੇ ਨੈਸਨਲ ਕਾਨਫਰੰਸ ਦੇ ਮੁੱਖੀ ਸ਼ੇਖ ਅਬਦੁੱਲਾ ਨੂੰ ਕਈ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੀ। ਸਮੇਂ ਨਾਲ ਇਸ ਦਾ ਦੇਸ਼ ਦਾ ਦਰਜਾ ਖਤਮ ਕਰਕੇ ਇਥੇ ਵੀ ਮੁੱਖ ਮੰਤਰੀ ਤੇ ਰਾਜਪਾਲ ਲੱਗਣੇ ਸ਼ੁਰੂ ਹੋ ਗਏ ਤੇ ਇਸ ਨੂੰ ਰਾਜ ਦਾ ਦਰਜਾ ਮਿਲ ਗਿਆ।ਇਸ ਨਾਲ ਕਸ਼ਮੀਰ ਭਾਰਤ ਦਾ ਹਿੱਸਾ ਬਣ ਗਿਆ ਤੇ ਮੁੱਖ ਮੰਤਰੀ ਸ਼ੇਖ ਅਬਦੁੱਲਾ ਵੀ ਰਹੇ। ਪਾਕਿਸਤਾਨ ਤੇ ਭਾਰਤ ਦੋਵੇ ਕਸ਼ਮੀਰ ਤੇ ਆਪਣਾ ਆਪਣਾ ਦਾਅਵਾ ਜਿਤਾਉਦੇ ਰਹੇ ਹਨ।ਕਸ਼ਮੀਰ ਵਿੱਚ ਮਾਰਮਾਰੀ ਦੇ ਹਾਲਤ ਮੁਸ਼ੱਰਫ ਦੇ ਸਮੇਂ ਉਸ ਵੇਲੇ ਸ਼ੁਰੂ ਹੋਏ ਜਦੋ ਰੂਸ ਨਾਲ ਲੜਣ ਲਈ ਅਫਗਾਨਿਸਤਾਨ ਵਿੱਚ ਪਾਕਿਸਤਾਨ ਨੇ ਤਾਲਿਬਾਨ ਪੈਦਾ ਕੀਤੇ।ਇਹ ਤਾਲਿਬਾਨ ਇਕੱਲੇ ਰੂਸ ਨਾਲ ਹੀ ਨਹੀ ਸਗੋਂ ਅਮਰੀਕਾ ਨਾਲ ਵੀ ਲੜੇ ਤੇ ਅੱਜ ਇਸ ਦੀਆਂ ਕਈ ਅੱਤਵਾਦੀ ਜਥੇਬੰਦੀਆਂ ਬਣ ਗਈਆਂ ਹਨ ਜਿਹੜੀਆਂ ਪਾਕਿਸਤਾਨ ਵਿੱਚ ਵੀ ਅਫਰਾ ਤਫਰੀ ਫੈਲਾ ਰਹੀਆਂ ਹਨ।ਇਹ ਅੱਤਵਾਦੀ ਜਥੇਬੰਦੀਆਂ ਬਣ ਗਈਆਂ ਹਨ।ਪਾਕਿਸਤਾਨ ਵਾਲੇ ਮਕਬੂਜ਼ਾ ਕਸ਼ਮੀਰ ਵਿੱਚ ਅੱਜ ਵੀ ਅੱਤਵਾਦੀਆਂ ਨੂੰ ਟਰੇਨਿੰਗ ਦੇਣ ਲਈ 32 ਲਾਚਿੰਗ ਪੁਆਇੰਟ ਹਨ ਜਿਹਨਾਂ ਨੂੰ ਖਤਮ ਕਰਨ ਲਈ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਭਾਰਤ ਸਰਕਾਰ ਨੂੰ ਇਹਨਾਂ ਲਾਚਿੰਗ ਪੁਆਇੰਟ ਨੂੰ ਖਤਮ ਕਰਨ ਲਈ ਬਾਰ ਬਾਰ ਕਹਿ ਰਹੇ ਹਨ।ਪਾਕਿਸਤਾਨ ਦੇ ਪੱਤਰਕਾਰ ਨਾਸੁਰ ਅਜ਼ੀਜ਼ ਖਾਂ ਵੀ ਇਸ ਦੀ ਪੁਸ਼ਟੀ ਕਰ ਰਹੇ ਹਨ।ਨਾਸੁਰ ਅਨੁਸਾਰ ਰਾਵਲਾਕੋਟ ਦੇ ਮਦਰੱਸੇ ਵਿੱਚ ਪੜਦੇ ਬੱਚਿਆਂ ਨੂੰ ਜਬਰੀ ਲਿਜਾ ਕੇ ਟਰੇਨਿੰਗ ਕੈਪਾਂ ਵਿੱਚ ਅੱਤਵਾਦੀ ਬਣਾਇਆ ਜਾ ਰਿਹਾ ਹੈ। ਰਾਵਲਾਕੋਟ ਦੇ ਮਦਰੱਸੇ ਵਿੱਚੋ ਗਾਇਬ 22 ਬੱਚਿਆਂ ਦੇ ਮਾਪੇ ਰੋ ਰਹੇ ਹਨ ਤੇ ਉਹ ਬੱਚਿਆ ਦੀ ਵਾਪਸੀ ਮੰਗ ਰਹੇ ਹਨ।ਇੱਕ ਟਰੇਡ ਯੂਨੀਅਨ ਆਗੂ ਨੇ ਬਕਾਇਦਾ ਤੌਰ ‘ਤੇ ਪ੍ਰੈਸ ਕਾਨਫਰੰਸ ਕਰਕੇ ਇਹ ਦੋਸ਼ ਲਾਇਆ ਹੈ ਤੇ ਮਾਪੇ ਧਰਨੇ ਮੁਜਾਹਰੇ ਕਰ ਰਹੇ ਹਨ। ਆਈ ਐਸ ਆਈ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਬੱਚੇ ਟਰੇਨਿੰਗ ਤੇ ਗਏ ਹਨ ਜਿਹਨਾਂ ਨੂੰ ਟਰੇਨਿੰਗ ਤੋਂ ਬਾਅਦ ਭਾਰਤੀ ਕਸ਼ਮੀਰ ਤੇ ਅਫਗਾਨਿਸਤਾਨ ਤੇ ਹੋਰ ਥਾਵਾਂ ਤੇ ਅੱਤਵਾਦੀਆਂ ਕਾਰਵਾਈਆ ਕਰਨ ਲਈ ਭੇਜਿਆ ਜਾਂਦਾ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੀ ਫੌਜ ‘ਤੇ 2019 ਵਿੱਚ ਜਦੋਂ ਪੁਲਵਾਮਾ ਹਮਲਾ ਹੋਇਆ ਸੀ ਤਾਂ ਭਾਰਤੀ ਫੌਜ ਨੇ ਤੁਰੰਤ ਮਕਬੂਜਾਂ ਕਸ਼ਮੀਰ ਤੇ ਸਰਜੀਕਲ ਸਟਰਾਈਕ ਕੀਤੀ ਤੇ ਕਈ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਜਦ ਕਿ ਪਾਕਿਸਤਾਨ ਨੇ ਕਿਹਾ ਸੀ ਕਿ ਕੁਝ ਵੀ ਨਹੀਂ ਹੋਇਆ।ਭਾਰਤੀ ਹਵਾਈ ਜਹਾਜ਼ ਇੱਕ ਪਾਕਿਸਤਾਨ ਵਿੱਚ ਡਿੱਗ ਪਿਆ ਜਿਸ ਦਾ ਪਾਇਲਟ ਅਭਿਮਨਿੰਉ ਫੜਿਆ ਗਿਆ ਤਾਂ ਉਸ ਨੂੰ ਚਾਰ ਦਿਨਾਂ ਬਾਅਦ ਪਾਕਿਸਤਾਨ ਨੇ ਵਾਪਸ ਕੀਤਾ ਸੀ।ਇਸ ਵਾਰੀ ਭਾਰਤ ਸਰਕਾਰ ਚੁੱਪ ਹੈ।ਮਕਬੂਜਾਂ ਕਸ਼ਮੀਰ ਵਿੱਚ ਪਾਕਿਸਤਾਨ ਸਰਕਾਰ ਨੂੰ ਯੂਰੇਨੀਅਮ ਤੇ ਸੋਨਾ ਮਾਇਨਜ਼ ਮਿਲੀ ਹੈ ਜਿਥੇ ਅੱਜ ਚੀਨ ਦੇ ਮਾਹਿਰ ਕੰਮ ਕਰ ਰਹੇ ਹਨ ਜਿਸ ਕਰਕੇ ਇਸ ਵਾਰੀ ਸਰਜੀਕਲ ਸਟਰਾਈਕ ਕਰਨ ਤੋਂ ਭਾਰਤ ਸਰਕਾਰ ਝਿੜਕ ਰਹੀ ਹੈ ਕਿ ਖੁਦਾ ਨਾ ਖਾਦਸਾ ਚੀਨ ਦਾ ਇੱਕ ਵੀ ਨਾਗਰਿਕ ਇਸ ਸਟਰਾਈਕ ਨਾਲ ੁਪ੍ਰਭਾਵਤ ਹੋ ਗਿਆ ਤਾਂ ਚੀਨ ਨਾਲ ਭਾਰਤ ਦੀ ਸਿੱਧੀ ਟੱਕਰ ਹੋ ਸਕਦੀ ਹੈ।ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਆਨਬਾਜ਼ੀ ਤਾਂ ਬਹੁਤ ਕਰ ਰਹੇ ਹਨ ਪਰ ਜਿਸ ਤਰ੍ਹਾ ਦੀ ਕਾਰਵਾਈ ਭਾਰਤ ਦੇ ਲੋਕ ਚਾਹੁੰਦੇ ਹਨ ਉਹੋ ਜਿਹੀ ਕਾਰਵਾਈ ਨਹੀਂ ਹੋ ਰਹੀ।
ਪਹਿਲਗਾਮ ਦੀ ਘਟਨਾ ਕਰਨ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਨੂੰ ਵੀ ਕੁਝ ਲੋਕ 20 ਮਾਰਚ 2000 ਸੰਨ ਦੀ ਰਾਤ ਨੂੰ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਦੇ ਸਿੱਖ ਅਬਾਦੀ ਵਾਲੇ ਪਿੰਡ ਚਿੱਠੀਸਿੰਘਪੁਰਾ ਨਾਲ ਜੋੜ ਕੇ ਵੇਖ ਰਹੇ ਹਨ ਜਿਥੇ ਅੱਤਵਾਦੀਆਂ ਨੇ 35 ਸਿੱਖਾਂ ਦੀ ਇੱਕ ਇੱਕ ਦੀ ਪਛਾਣ ਕਰਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਦ ਕਿ ਇੱਕ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਸੀ।ਇਸੇ ਸਮੇਂ ਸੁਰੱਖਿਆਂ ਬਲਾਂ ਨੇ ਕੁਝ ਘੰਟਿਆ ਬਾਅਦ ਹੀ ਪੰਜ ਅੱਤਵਾਦੀਆ ਨੂੰ ਮਾਰ ਕੇ ਇਹ ਕਹਿ ਦਿੱਤਾ ਸੀ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਅੱਤਵਾਦੀ ਮਾਰ ਮੁਕਾ ਦਿੱਤੇ ਹਨ।ਲੋਕ ਇਹਨਾਂ ਕਤਲਾਂ ਨੂੰ ਲੈ ਕੇ ਸੜਕਾਂ ਤੇ ਆ ਗਏ ਕਿ ਉਹਨਾਂ ਦੇ ਲੜਕੇ ਘਰ ਨਹੀਂ ਪੁੱਜੇ ਜਿਹਨਾਂ ਨੂੰ ਸੁਰੱਖਿਆਂ ਕਰਮਚਾਰੀ ਘਰਾਂ ਤੋਂ ਚੁੱਕ ਕੇ ਲਏ ਗਏ ਸਨ।31 ਮਾਰਚ 2000 ਨੂੰ 35 ਸਿੱਖਾਂ ਦੀ ਅੰਤਮ ਅਰਦਾਸ ਹੋਣੀ ਸੀ ਜਿਸ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਸ਼ਾਮਲ ਹੋਏ।ਦੂਸਰੇ ਪਾਸੇ ਜਿਹਨਾਂ ਦੇ ਘਰਾਂ ਦੇ ਚਿਰਾਗ ਪੁਲ਼ੀਸ ਚੁੱਕ ਕੇ ਲੈ ਗਈ ਸੀ ਉਹਨਾਂ ਦੇ ਪਰਿਵਾਰ ਸੜਕਾਂ ਤੇ ਆ ਗਏ ਸਨ। ਤਿੰਨ ਅਪਰੈਲ 2000 ਨੂੰ ਲੋਕਾਂ ਨੇ ਰੋਸ ਮੁਜਾਹਰੇ ਕੀਤੇ ਤੇ 6 ਅਪ੍ਰੈਲ ਨੂੰ ਵੱਡਾ ਮਾਰਚ ਕੀਤਾ ਜਿਸ ਤੇ ਸੀ ਆਰ ਪੀ ਐਫ ਨੇ ਗੋਲੀ ਚਲਾ ਕੇ ਮਰੇ ਹੋਏ ਨੌਜਵਾਨਾ ਦੇ ਰਿਸ਼ਤੇਦਾਰਾਂ ਸਮੇਤ 9 ਵਿਅਕਤੀ ਮਾਰ ਦਿੱਤੇ। ਇਸ ਤਰ੍ਹਾ ਚਿੱਠੀਸਿੰਘਪੁਰਾ ਦੇ ਮਾਮਲੇ ਨੂੰ ਲੈ ਕੇ ਮਰਨ ਵਾਲਿਆ ਦੀ ਗਿਣਤੀ 35 ਤੋ ਵੱਧ ਕੇ 49 ਹੋ ਗਈ।ਸਰਕਾਰ ਨੂੰ ਆਖਰ ਝੁਕਣਾ ਪਿਆ ਤੇ ਦੋ ਕਮਿਸ਼ਨ ਐਸ ਆਰ ਪਾਂਡੇ ਤੇ ਕੋਚਾਈ ਜਾਂਚ ਲਈ ਬਣ ਗਏ ਜਿਹਨਾਂ ਦੀ ਸਿਫਾਰਿਸ਼ ਤੇ ਅਦਾਲਤ ਨੇ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਗਿਆ ਸੀ ਉਹਨਾਂ ਦੀਆਂ ਕਬਰਾਂ ਫਰੋਲਣ ਦੇ ਹੁਕਮ ਦੇ ਦਿੱਤੇ। ਲੋਕਾਂ ਦੀ ਹਾਜ਼ਰੀ ਵਿੱਚ ਜਦੋਂ ਇਹ ਕਬਰਾਂ ਪੁੱਟੀਆਂ ਗਈਆਂ ਤਾਂ ਲਾਪਤਾ ਨੌਜਵਾਨਾਂ ਦੀਆਂ ਹੀ ਲਾਸ਼ਾਂ ਨਿਕਲੀਆ।
ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਹਰਾਮਜਦਗੀ ਨਹੀਂ ਛੱਡੀ ਤੇ ਹੈਦਰਾਬਾਦ ਦੀ ਲੈਬਾਰਾਟਰੀ ਵਿੱਚ ਜਦੋਂ ਡੀ ਐਨ ਏ ਦੇ ਸੈਂਪਲ ਕਿਸੇ ਦੀ ਮਾਂ ਤੇ ਕਿਸੇ ਦੇ ਪਿਉ ਤੇ ਕਿਸੇ ਦੇ ਭਰਾ ਦੇ ਖੂਨ ਤੇ ਪਿਸ਼ਾਬ ਦੇ ਭੇਜੇ ਗਏ ਤਾਂ ਇਹ ਸੈਂਪਲ ਵੀ ਬਦਲ ਦਿੱਤੇ ਗਏ।ਹੈਦਰਬਾਦ ਦੀ ਲੈਬਾਰਾਟਰੀ ਨੇ ਇਸ ਹੇਰਾਫੇਰੀ ਦਾ ਪਰਦਾਫਾਸ਼ ਕਰ ਦਿਤਾ ਤਾਂ ਦੁਬਾਰਾ ਸੈਂਪਲ ਭੇਜੇ ਗਏ ਤਾਂ ਸੱਚਾਈ ਸਾਹਮਣੇ ਆ ਗਈ।ਜਿਹੜੇ ਪੰਜ ਨੌਜਵਾਨ ਮਾਰੇ ਗਏ ਉਸ ਨੂੰ ਪੱਥਰੀਵਾਲ ਦਾ ਮੁਕਾਬਲਾ ਕਿਹਾ ਗਿਆ ਤੇ ਜਿਹੜੇ ਨੌ ਮੁਜਾਹਰਾਕਾਰੀ ਮਾਰੇ ਗਏ ਸਨ ਉਸ ਨੂੰ ਬਰਾਕਪੁਰਾ ਕਾਂਡ ਦਾ ਨਾਮ ਦਿੱਤਾ ਗਿਆ।
ਸਿੱਖ ਕਤਲੇਆਮ ਦਾ ਭਾਂਡਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲੰਿਟਨ (ਜਿਹੜੇ ਉਸ ਸਮੇਂ ਭਾਰਤ ਦੇ ਦੌਰੇ ਤੇ ਸਨ} ਚੌਰਾਹੇ ਵਿੱਚ ਭੰਨਦਿਆ ਕਿਹਾ ਕਿ ਇਹ ਕਾਰਾ ਕਿਸੇ ਹੋਰ ਦਾ ਨਹੀਂ ਹਿੰਦੂ ਅੱਤਵਾਦੀਆਂ ਦਾ ਹੈ।ਇਹ ਬਿੱਲ ਕਲੰਿਟਨ ਆਪਣੀ ਵਿਦੇਸ਼ ਮੰਤਰੀ ਮੈਡਲੀ ਨੈਲਬਰਾਈਡ ਜਿਹੜੀ 2000 ਸੰਨ ਵਿੱਚ ਉਹਨਾਂ ਦੇ ਨਾਲ ਹੀ ਭਾਰਤ ਦੌਰੇ ਤੇ ਆਈ ਸੀ ਉਸ ਦੁਆਰਾ 2006 ਵਿੱਚ ਲਿਖੀ ਕਿਤਾਬ ਮਾਈਟੀ ਐਂੰਡ ਦੀ ਮਾਇਟੀ ਦੇ ਫਾਰਵਰਡ ਵਿੱਚ ਲਿਿਖਆ ਸੀ। ਇਹ ਕਿਤਾਬ ਹਾਰਪਰ ਕਾਲਜ ਨੇ ਛਾਪੀ ਤੇ ਉਹਨਾਂ ਕਿਹਾ ਸੀ ਕੋਈ ਨਹੀਂ ਦੂਸਰੇ ਐਡੀਸ਼ਨ ਵਿੱਚ ਹਿੰਦੂ ਸ਼ਬਦ ਕੱਢ ਦਿੱਤਾ ਜਾਵੇਗਾ ਪਰ ਅੱਜ ਵੀ ਹਿੰਦੂ ਅੱਤਵਾਦੀ ਸ਼ਬਦ ਉਸ ਕਿਤਾਬ ਵਿੱਚ “ਬਿੰਡੇ” ਵਾਂਗ ਬੋਲਦਾ ਹੈ।
ਇਸ ਤੋਂ ਬਾਅਦ ਇਸ ਨਰਸਿੰਘਾਰ ਦੇ ਕਾਂਡ ਨੂੰ ਬੰਦ ਕਰ ਦਿੱਤਾ ਗਿਆ ਤੇ ਕਸ਼ਮੀਰੀ ਨੌਜਵਾਨਾਂ ਦੇ ਪਰਿਵਾਰਾਂ ਨੁੰ ਤਾਂ ਸਰਕਾਰ ਨੇ ਮੁਆਵਜ਼ਾ ਦੇ ਕੇ ਚੁੱਪ ਕਰਵਾ ਦਿੱਤਾ ਪਰ ਸਿੱਖਾਂ ਦੀ ਕਿਸੇ ਨੇ ਵੀ ਸਾਰ ਤੱਕ ਨਹੀਂ ਲਈ।ਸਿੱਖਾਂ ਦੀ ਨੂੰਮਾਇੰਦਗੀ ਕਰਦੀਆਂ ਸੰਸਥਾਂਵਾ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ਼੍ਰੋਮਣੀ ਅਕਾਲੀ ਦਲ ਤੇ ਉਸ ਸਮੇਂ ਪੰਜਾਬ ਵਿੱਚ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੁੰ ਸਜਾਵਾਂ ਦਿਵਾਉਣ ਵਿੱਚ ਕੋਈ ਭੂਮਿਕਾ ਨਹੀ ਨਿਭਾਈ ਕਿਉਕਿ ਕੇਂਦਰ ਵਿੱਚ ਸ਼੍ਰ ਪ੍ਰਕਾਸ਼ ਸਿੰਘ ਬਾਦਲ ਦੇ ਭਾਈਵਾਲਾ ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ।ਸੌਦਾ ਸਾਧ ਦੀ ਮੁਆਫੀ ਵਾਂਗ ਇਥੇ ਵੀ ਬਾਦਲ ਪਰਿਵਾਰ ਨੇ ਸਿੱਖਾਂ ਦੀ ਨੂੰਮਾਇੰਦਗੀ ਕਰਨ ਦੀ ਬਜਾਏ ਭਾਜਪਾ ਦੀ ਨੂੰਮਾੁਿੲੰਦਗੀ ਕੀਤੀ ਤੇ ਇਨਸਾਫ ਮਿੱਟੀ ਵਿੱਚ ਮਿਲ ਗਿਆ।
ਪੰਜਾਬ ਵਿੱਚ ਪੜਦੇ ਕਸ਼ਮੀਰੀ ਬੱਚਿਆਂ ਨਾਲ ਪਿਆਰ ਕਰਨਾ ਪਵੇਗਾ ਤੇ ਜਦੋਂ ਕਿਸੇ ਕਸ਼ਮੀਰੀ ਨਾਲ ਪਹਿਲਗਾਮ ਕਾਂਡ ਨੂੰ ਲੈ ਕੇ ਵਧੀਕੀ ਕੀਤੀ ਜਾਂਦੀ ਹੈ ਤਾਂ ਪਾਕਿਸਤਾਨ ਜਿੱਤਦਾ ਹੈ ਜੇਕਰ ਵਾਕਿਆ ਪਾਕਿਸਤਾਨ ਨੂੰ ਹਰਾਉਣਾ ਹੈ ਤਾਂ ਸਾਨੂੰ ਕਸ਼ਮੀਰੀਆਂ ਨਾਲ ਪਿਆਰ ਤੇ ਮੁਹੱਬਤ ਵਾਲਾ ਮਾਹੌਲ ਸਿਰਜਣਾ ਪਵੇਗਾ। ਇਸ ਕਾਂਡ ਨੂੰ ਲੈ ਕੇ ਭਾਰਤ ਦੀ ਹਰ ਮਸਜਿਦ ਵਿੱਚ ਨਿਖੇਧੀ ਕੀਤੀ ਗਈ ਤੇ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।ਭਾਰਤੀ ਮੁਸਲਮਾਨ ਭਾਰਤੀ ਹਨ ਉਹਨਾਂ ਨਾਲ ਭਾਰਤੀ ਸੰਵਿਧਾਨ ਅਨੁਸਾਰ ਹੀ ਮੇਲ ਮਿਲਾਪ ਰੱਖਿਆਂ ਜਾਣਾ ਚਾਹੀਦਾ ਹੈ।ਕਸ਼ਮੀਰ ਵਿੱਚ ਵੀ ਕਸ਼ਮੀਰੀਆਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ ਕੀਤੇ ਹਨ।ਇਸ ਲਈ ਅਖੰਡ ਭਾਰਤ ਦੀ ਪ੍ਰਭਸੱਤਾ ਨੂੰ ਬਹਾਲ ਰੱਖਣ ਲਈ ਮੁਸਲਮਾਨਾਂ ਨਾਲ ਪਿਆਰ ਤੇ ਮੁਹੱਬਤ ਨਾਲ ਹੀ ਰਹਿਣਾ ਪਵੇਗਾ।
ਪਹਿਲਗਾਮ ਕਾਂਡ ਨੂੰ ਲੈ ਦੇਸ਼ ਦਾ ਹਰ ਬਸ਼ਿੰਦਾ ਦੁੱਖੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਖਿਲ਼ਾਫ ਸਖਤ ਕਾਰਵਾਈ ਕਰੇ ਤਾਂ ਕਿ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਜਿਹੜੀ ਦੇਸ਼ ਵਾਸੀਆਂ ਵਿੱਚ ਅਸਾਵਾਂਪਨ ਪੈਦਾ ਕਰਦੀ ਹੈ।ਇਸ ਘਟਨਾ ਨੂੰ ਅੱਤਵਾਦ ਤੇ ਅਪਵਾਦ ਹੀ ਕਿਹਾ ਜਾ ਸਕਦਾ ਹੈ।ਰੱਬ ਖੈਰ ਕਰੇ!