ਭਾਈ ਘਨਈਆ ਜੀ ਦੇ ਜੀਵਨ ਬਾਰੇ ਸੈਮੀਨਾਰ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ : ਵਧੀਕ ਡਿਪਟੀ ਕਮਿਸ਼ਨਰ
ਜਲੰਧਰ, ਐਚ ਐਸ ਚਾਵਲਾ।
20 ਸਤੰਬਰ ਨੂੰ ਭਾਈ ਘਨੱਈਆ ਜੀ ਮਾਨਵ ਸੇਵਾ ਦਿਵਸ ਮੌਕੇ ਪ੍ਰਸ਼ਾਸਨ ਵੱਲੋਂ ਸਥਾਨਕ ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਸੈਮੀਨਾਰ ਕਰਵਾਉਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਇਸ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਨੇ ਸਬੰਧਤ ਅਧਿਕਾਰੀਆਂ ਨੂੰ ਡਿਊਟੀਆਂ ਦੀ ਵੰਡ ਕਰਦਿਆਂ ਸਮੁੱਚੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੌਕੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਸੈਮੀਵਾਰ ਕਰਵਾਉਣ ਤੋਂ ਇਲਾਵਾ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ, ਜਿਸ ਵਿੱਚ ਆਈ.ਟੀ.ਆਈ. ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ, ਜਿਨ੍ਹਾਂ ਨੂੰ ਨੇਤਰਦਾਨ ਅਤੇ ਸਰੀਰਦਾਨ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਰੈਡ ਕਰਾਸ ਦੇ ਮਾਸਟਰ ਟ੍ਰੇਨਰ ਵੱਲੋਂ ਇਸ ਦੌਰਾਨ ਮੁੱਢਲੀ ਸਹਾਇਤਾ (ਫਸਟ ਏਡ) ਸਬੰਧੀ ਟ੍ਰੇਨਿੰਗ ਸੈਸ਼ਨ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਵਿਦਿਆਰਥੀਆਂ ਨੂੰ ਜ਼ਰੂਰਤ ਸਮੇਂ ਕਿਸੇ ਨੂੰ ਮੁੱਢਲੀ ਸਹਾਇਤਾ ਦੇਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰੈਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਵ੍ਹੀਲ ਚੇਅਰਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਡਾ. ਰਾਜੀਵ ਸ਼ਰਮਾ, ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ, ਸਕੱਤਰ ਰੈਡ ਕਰਾਸ ਸੁਸਾਇਟੀ ਇੰਦਰਦੇਵ ਸਿੰਘ ਮਿਨਹਾਸ, ਐਨ.ਡੀ.ਓ. ਦਿਸ਼ਾਦੀਪ ਤੋਂ ਲਾਇਨ ਸੁਰਿੰਦਰ ਮੋਹਨ ਸਿੰਘ, ਕੈਪਟਨ ਜਸਵਿੰਦਰ ਸਿੰਘ, ਰਮੇਸ਼ ਲਖਨਪਾਲ ਤੇ ਸੁਰਿੰਦਰ ਸੈਣੀ ਅਤੇ ਰੋਗੀ ਕਲਿਆਣ ਸੰਮਤੀ ਦੇ ਪ੍ਰਧਾਨ ਤਲਵਿੰਦਰ ਸਿੰਘ ਮੌਜੂਦ ਸਨ।