JalandharPunjab

39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ , ਆਰਮੀ ਗਰੀਨ, ਭਾਰਤੀ ਨੇਵੀ, ਏਐਸਸੀ ਅਤੇ ਕੈਗ ਵਲੋਂ ਜਿੱਤਾਂ ਦਰਜ 

ਟੂਰਨਾਮੈਂਟ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਵਲੋਂ ਕੀਤਾ ਗਿਆ

ਜਲੰਧਰ, ਐਚ ਐਸ ਚਾਵਲਾ।

ਆਰਮੀ ਗਰੀਨ ਨੇ ਸੀਆਰਪੀਐਫ ਦਿੱਲੀ ਨੂੰ 2-1 ਦੇ ਫਰਕ ਨਾਲ ਹਰਾ ਕੇ 39ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਜੇਤੂ ਆਗਾਜ਼ ਕੀਤਾ। ਪਹਿਲੇ ਦਿਨ ਦੇ ਬਾਕੀ ਮੈਚਾਂ ਵਿੱਚ ਭਾਰਤੀ ਨੇਵੀ, ਏਐਸਸੀ ਅਤੇ ਕੈਗ ਦਿੱਲੀ ਨੇ ਆਪਣੇ ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਟੂਰਨਾਮੈਂਟ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕੀਤਾ। ਉਦਘਾਟਨ ਸਮੇਂ ਉਨ੍ਹਾਂ ਵਲੋਂ ਕੇਕ ਵੀ ਕੱਟਿਆ ਗਿਆ ਅਤੇ ਜੇਤੂ ਟਰਾਫੀ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਤੇ ਉਨ੍ਹਾਂ ਟੀਮਾਂ ਨਾਲ ਜਾਣ ਪਛਾਣ ਵੀ ਕੀਤੀ।ਇਸ ਮੌਕੇ ਤੇ ਬੋਲਦਿਆਂ ਸੁਰਜੀਤ ਹਾਕੀ ਸੋਸਾਇਟੀ ਦੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਣਾ ਦਿੱਤੀ। ਸਕੂਲਾਂ ਦੀਆਂ ਬੱਚੀਆਂ ਨੇ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ।      


ਉਦਘਾਟਨੀ ਮੈਚ ਸੀਆਰਪੀਐਫ ਦਿੱਲੀ ਅਤੇ ਆਰਮੀ ਗਰੀਨ ਦਰਮਿਆਨ ਤੇਜ਼ ਗਤੀ ਨਾਲ ਖੇਡਿਆ ਗਿਆ। ਖੇਡ ਦੇ 17ਵੇਂ ਮਿੰਟ ਵਿੱਚ ਸੀਆਰਪੀਐਫ ਦੇ ਸ਼ਰਨਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਸੀਆਰਪੀਐਫ 1-0 ਨਾਲ ਅਗੇ ਸੀ। ਖੇਡ ਦੇ ਤੀਜੇ ਕਵਾਰਟਰ ਦੇ 48ਵੇਂ ਮਿੰਟ ਵਿੱਚ ਆਰਮੀ ਗਰੀਨ ਦੇ ਸਿਮਰਨਦੀਪ ਸਿੰਘ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ ਆਖਰੀ ਕਵਾਰਟਰ ਦੇ 57ਵੇਂ ਮਿੰਟ ਅਤੇ 59ਵੇਂ ਮਿੰਟ ਵਿੱਚ ਆਰਮੀ ਗਰੀਨ ਦੇ ਜੋਬਨਪ੍ਰੀਤ ਸਿੰਘ ਨੇ ਲਗਾਤਾਰ ਦੋ ਮੈਦਾਨੀ ਗੋਲ ਕਰਕੇ ਸਕੋਰ 3-1 ਕਰਕੇ ਮੈਚ ਆਪਣੇ ਨਾਂਅ ਕਰਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। 

ਨਾਕ ਆਊਟ ਦੌਰ ਦੇ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਕੋਰ ਆਫ ਸਿੰਗਨਲਜ਼ ਜਲੰਧਰ ਨੂੰ ਸਖਤ ਮੁਕਾਬਲੇ ਮਗਰੋਂ 4-3 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਭਾਰਤੀ ਨੇਵੀ ਵਲੋਂ ਪਲਨਗੱਪਾ ਨੇ, ਕੁਲਦੀਪ ਨੇ, ਅੰਜਿਕੇ ਯਾਦਵ ਅਤੇ ਪ੍ਰਸ਼ਾਂਤ ਨੇ ਗੋਲ ਕੀਤੇ ਜਦਕਿ ਸਿੰਗਨਲਜ਼ ਵਲੋਂ ਅਕਸ਼ੇ ਦੂਬੇ ਨੇ ਦੋ ਅਤੇ ਰਜਨੀਸ਼ ਕੁਮਾਰ ਨੇ ਗੋਲ ਕੀਤੇ। 

ਨਾਕ ਆਊਟ ਦੌਰ ਦੇ ਇਕ ਹੋਰ ਮੈਚ ਵਿਚ ਏਐਸਸੀ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 2-1 ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਜੇਤੂ ਟੀਮ ਵਲੋਂ ਮਨਮੀਤ ਸਿੰਘ ਨੇ ਦੋਵੇਂ ਗੋਲ ਕੀਤੇ ਜਦਕਿ ਆਰਸੀਐਫ ਵਲੋਂ ਇਕ ਗੋਲ ਕਰਨਪਾਲ ਸਿੰਘ ਨੇ ਗੋਲ ਕੀਤਾ। 

ਨਾਕ ਆਊਟ ਦੌਰ ਦੇ ਤੀਜੇ ਮੈਚ ਵਿੱਚ ਕੈਗ ਦਿੱਲੀ ਨੇ ਈਐਮਈ ਜਲੰਧਰ ਨੂੰ 3-0 ਨਾਲ ਮਾਤ ਦੇ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਜੇਤੂ ਟੀਮ ਵਲੋਂ ਮਰੇਸ਼ਵਰਨ ਨੇ, ਅਨੁਲ ਹੱਕ ਨੇ ਅਤੇ ਵੈਕਟੇਸ਼ ਤੇਲਗੂ ਨੇ ਗੋਲ ਕੀਤੇ।  

ਨਾਕ ਆਊਟ ਦੌਰ ਦੇ ਚੌਥੇ ਮੈਚ ਵਿੱਚ ਏਅਰ ਫੋਰਸ ਨੇ ਬੀਐਸਐਫ ਜਲੰਧਰ ਨੂੰ 2-0 ਨਾਲ ਮਾਤ ਦੇ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।

ਇਸ ਮੌਕੇ ਤੇ ਇੰਡੀਅਨ ਆਇਲ ਤੋਂ ਰਮਨ ਬੇਰੀ, ਪਿਊਸ਼ ਮਿੱਤਲ,  ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰੀਤ ਸਿੰਘ, ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੌੜਾ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਲਖਵਿੰਦਰ ਪਾਲ ਸਿੰਘ ਖਹਿਰਾ, ਰਣਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਰਮਣੀਕ ਸਿੰਘ ਰੰਧਾਵਾ, ਐਲ ਆਰ ਨਈਅਰ, ਰਾਮ ਪ੍ਰਤਾਪ, ਗੁਰਵਿੰਦਰ ਸਿੰਘ ਗੁੱਲੂ, ਨਰਿੰਦਰਪਾਲ ਸਿੰਘ ਜੱਜ, ਅਮਰੀਕ ਸਿੰਘ ਪੁਆਰ, ਤਰਲੋਕ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

28 ਅਕਤੂਬਰ ਦੇ ਮੈਚ 

ਏਐਸਸੀ ਬਨਾਮ ਕੈਗ ਦਿੱਲੀ – 12-30 ਵਜੇ

ਭਾਰਤੀ ਨੇਵੀ ਬਨਾਮ ਆਰਮੀ ਗਰੀਨ – 2-15 ਵਜੇ 

ਭਾਰਤੀ ਰੇਲਵੇ ਬਨਾਮ ਏਅਰ ਫੋਰਸ – 4-00 ਵਜੇ

ਪੰਜਾਬ ਐਂਡ ਸਿੰਧ ਬੈਂਕ ਬਨਾਮ ਆਰਮੀ ਇਲੈਵਨ – 5-45 ਵਜੇ 

Related Articles

Leave a Reply

Your email address will not be published.

Back to top button