Jalandhar

ਜਲੰਧਰ 'ਚ ਕਾਰਾਂ 'ਚ ਸ਼ਰਾਬ ਪੀਣ ਵਾਲਿਆਂ ਕਈ ਨੌਜਵਾਨਾਂ ਖ਼ਿਲਾਫ਼ FIR ਦਰਜ

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਦਿੰਦੇ ਹੋਏ ਪੀਪੀਆਰ ਮਾਰਕੀਟ ‘ਚ ਸ਼ਰਾਬ ਪਰੋਸਣ ‘ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ। ਡੀਸੀਪੀ ਸਿਟੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਨੇ ਇਕ ਵਿਅਕਤੀ ਨੂੰ ਫੜਿਆ ਸੀ, ਜੋ ਗੱਡੀ ‘ਤੇ ਸ਼ਰਾਬ ਰੱਖ ਕੇ ਪੀ ਰਿਹਾ ਸੀ। ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਦੇਰ ਰਾਤ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਦੋ ਵੱਖ-ਵੱਖ ਹਿੱਸਿਆਂ ‘ਚ ਛਾਪੇਮਾਰੀ ਕਰਕੇ ਜਨਤਕ ਥਾਂ ‘ਤੇ ਸ਼ਰਾਬ ਪੀ ਰਹੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਦੇਰ ਰਾਤ ਥਾਣਾ ਪੱਧਰ ‘ਤੇ ਜ਼ਮਾਨਤ ਦੇ ਦਿੱਤੀ ਗਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਕੁਝ ਬਾਹਰਲੇ ਜ਼ਿਲ੍ਹਿਆਂ ਦੇ ਵੀ ਸਨ।

ਜਲੰਧਰ ਕਮਿਸ਼ਨਰ ਪੁਲਿਸ ਦੇ ਡੀਸੀਪੀ ਅੰਕੁਰ ਗੁਪਤਾ ਆਪਣੀ ਟੀਮ ਨਾਲ ਨਾਈਟ ਡੋਮੀਨੇਸ਼ਨ ‘ਤੇ ਸਨ। ਇਸ ਦੌਰਾਨ ਵਰਕਸ਼ਾਪ ਚੌਕ ਸਥਿਤ ਮਾਮੇ ਦੇ ਢਾਬੇ ‘ਤੇ ਛਾਪੇਮਾਰੀ ਕੀਤੀ ਗਈ। ਇਸ ਢਾਬੇ ਤੋਂ ਕਰੀਬ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਲੋਕ ਢਾਬੇ ‘ਤੇ ਬੈਠ ਕੇ ਖਾਣਾ ਖਾ ਰਹੇ ਸੀ ਤੇ ਸ਼ਰਾਬ ਪੀ ਰਹੇ ਸੀ।

ਇਸ ਤੋਂ ਬਾਅਦ ਏਸੀਪੀ ਬਰਜਿੰਦਰ ਸਿੰਘ ਤੇ ਥਾਣਾ ਡਵੀਜ਼ਨ ਨੰਬਰ 2 ਦੇ ਐਸਐਚਓ ਨੂੰ ਤੁਰੰਤ ਟੀਮ ਸਮੇਤ ਮੌਕੇ ‘ਤੇ ਬੁਲਾਇਆ ਗਿਆ। ਸਾਰਿਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਗਏ। ਦੇਰ ਰਾਤ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ। ਪਿਆਕੜਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਰ ਰਾਤ ਥਾਣਾ-2 ਵਿੱਚ ਭਾਰੀ ਹੰਗਾਮਾ ਵੀ ਹੋਇਆ।

 

ਕੁਝ ਲੋਕ ਗੱਡੀਆਂ ‘ਚ ਸ਼ਰਾਬ ਲਿਆਉਂਦੇ ਹਨ ਤੇ ਕਾਰ ‘ਚ ਬੈਠ ਕੇ ਹੀ ਸਨੈਕਸ ਨਾਲ ਪੀਂਦੇ ਹਨ। ਓਧਰ, ਥਾਣਾ 7 ਦੀ ਪੁਲਿਸ ਨੇ ਪੀਪੀਆਰ ਮਾਰਕੀਟ ‘ਚ ਵਾਹਨਾਂ ‘ਚ ਸ਼ਰਾਬ ਪੀਣ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਾਰਵਾਈ ਕਰਦਿਆਂ ਥਾਣਾ 7 ਦੇ ਐੱਸਐੱਚਓ ਨੇ ਹਰਕਿਸ਼ਨ ਸਿੰਘ ਤੇ ਦੀਪਕ ਮਲਹੋਤਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਗਸ਼ਤ ਦੌਰਾਨ ਉਹ ਅਰਬਨ ਅਸਟੇਟ ਫੇਜ਼ 2 ਵਿਖੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੁਹੱਲਾ ਪ੍ਰਰੀਤ ਨਗਰ ਨੇੜੇ ਮਾਰਕਫੈੱਡ ਚੌਕ ਕਪੂਰਥਲਾ ਦੇ ਦੋਵੇਂ ਨੌਜਵਾਨਾਂ ਨੇ ਕਾਰ ਨੰਬਰ ਪੀਬੀ-09-ਐੱਲ-0116 ਪੀਪੀਆਰ ਮਾਰਕੀਟ ‘ਚ ਖੜ੍ਹੀ ਕੀਤੀ ਸੀ। ਇਸ ਦੌਰਾਨ ਦੋਵੇਂ ਨੌਜਵਾਨ ਉਸ ਕਾਰ ‘ਚ ਸ਼ਰੇ੍ਹਆਮ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਪੁਲਿਸ ਨੇ ਦੋਵਾਂ ਖ਼ਿਲਾਫ਼ ਗੱਡੀ ‘ਚ ਸ਼ਰ੍ਹੇਆਮ ਸ਼ਰਾਬ ਪੀਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਇਕ ਹੋਰ ਐੱਫਆਈਆਰ ‘ਚ ਜਤਿਨ ਸ਼ਰਮਾ ਤੇ ਵਿਵੇਕ ਸੈਮੂਅਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Back to top button