
ਮੱਧ ਪ੍ਰਦੇਸ਼ ਦੇ ਗੁਨਾ ‘ਚ ਵਿਆਹ ਵਾਲੇ ਦਿਨ ਚੋਰੀ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪੁਲਸ ਹਿਰਾਸਤ ‘ਚ ਹੋਈ ਮੌਤ ਨੂੰ ਲੈ ਕੇ ਪਰਿਵਾਰ ਦਾ ਗੁੱਸਾ ਰੁਕ ਨਹੀਂ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਦੀਆਂ ਔਰਤਾਂ ਨੇ ਇਨਸਾਫ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਲੈਕਟਰੇਟ ਕੰਪਲੈਕਸ ‘ਚ ਹੰਗਾਮਾ ਕੀਤਾ।

ਗੁੱਸੇ ਵਿੱਚ ਆਈਆਂ ਔਰਤਾਂ ਨੇ ਆਪਣੇ ਕੱਪੜੇ ਵੀ ਲਾਹ ਦਿੱਤੇ। ਕਿਸੇ ਤਰ੍ਹਾਂ ਉਨ੍ਹਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ। ਕਲੈਕਟਰ ਡਾ: ਸਤਿੰਦਰ ਸਿੰਘ ਨੇ ਉਨ੍ਹਾਂ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਗੁਨਾ ਜ਼ਿਲੇ ਦੀ ਝਾਂਗਰ ਚੌਕੀ ਪੁਲਸ ਨੇ ਐਤਵਾਰ ਨੂੰ ਦੇਵਾ ਪਾਰਦੀ ਅਤੇ ਉਸ ਦੇ ਚਾਚਾ ਗੰਗਾਰਾਮ ਪਾਰਦੀ ਨੂੰ ਗ੍ਰਿਫਤਾਰ ਕੀਤਾ ਸੀ। ਉਸੇ ਦਿਨ ਦੇਵਾ ਦੀ ਬਾਰਾਤ ਗੁਨਾ ਸ਼ਹਿਰ ਦੇ ਗੋਕੁਲ ਸਿੰਘ ਚੱਕਾ ਵਿਖੇ ਜਾਣੀ ਸੀ। ਰਾਤ ਨੂੰ ਦੇਵਾ ਦੀ ਮੌਤ ਦੀ ਸੂਚਨਾ ਪਰਿਵਾਰ ਨੂੰ ਮਿਲੀ। ਸਹੁਰਾ ਪਰਿਵਾਰ ਵੀ ਰਾਤ ਨੂੰ ਜ਼ਿਲ੍ਹਾ ਹਸਪਤਾਲ ਗਿਆ।
ਸਦਮੇ ‘ਚ ਦੇਵਾ ਦੀ ਲਾੜੀ ਨੇ ਖੁਦ ‘ਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਮਾਸੀ ਸੂਰਜਬਾਈ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਦੂਜੇ ਦਿਨ ਸੋਮਵਾਰ ਨੂੰ ਪਰਿਵਾਰਕ ਮੈਂਬਰ ਭੋਪਾਲ ‘ਚ ਪੋਸਟਮਾਰਟਮ ਕਰਵਾਉਣ ਦੀ ਮੰਗ ‘ਤੇ ਅੜੇ ਰਹੇ।
ਮ੍ਰਿਤਕ ਦੇਵਾ ਦੇ ਪਰਿਵਾਰਕ ਮੈਂਬਰ ਗੁਨਾ ਕਲੈਕਟਰ ਦਫ਼ਤਰ ਵਿੱਚ ਜਨਤਕ ਸੁਣਵਾਈ ਲਈ ਪੁੱਜੇ ਸਨ। ਪਰਿਵਾਰਕ ਮੈਂਬਰਾਂ ਨੇ ਕਲੈਕਟਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਆਪਣਾ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਔਰਤਾਂ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ। ਇਸ ‘ਤੇ ਉਸ ਦਾ ਗੁੱਸਾ ਹੋਰ ਵੀ ਵਧ ਗਿਆ।
ਕੁਝ ਹੀ ਦੇਰ ਵਿਚ ਮੌਕੇ ‘ਤੇ ਮੌਜੂਦ ਕੁੱਝ ਔਰਤਾਂ ਨੇ ਆਪਣੇ ਕੱਪੜੇ ਉਤਾਰ ਦਿੱਤੇ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋਈ। ਘਟਨਾ ਤੋਂ ਬਾਅਦ ਕਲੈਕਟਰੇਟ ਦੀ ਇਮਾਰਤ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।