Punjab

ਧਾਰਮਿਕ ਸਥਾਨ ‘ਤੇ ਜਾਂਦੇ ਸੜਕੇ ਹਾਦਸੇ ‘ਚ ਇੱਕ ਪਰਿਵਾਰ ਦੇ 6 ਮੈਂਬਰਾਂ ਦੀ ਮੌਤ

6 members of a family died in a road accident going to a religious place

ਮੱਥਾ ਟੇਕਣ ਲਈ ਸਾਲਾਸਰ ਧਾਰਮਿਕ ਸਥਾਨ ‘ਤੇ ਜਾਂਦੇ ਹੋਏ ਵਾਪਰੇ ਸੜਕੇ ਹਾਦਸੇ ਵਿੱਚ ਮੰਡੀ ਕਿੱਲਿਆਂਵਾਲੀ ਦੇ ਇੱਕ ਪਰਿਵਾਰ ਦੇ ਸਾਰੇ ਛੇ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਜਸਥਾਨ ਵਿੱਚ ਜੈਤਪੁਰ ਟੌਲ ਪਲਾਜ਼ਾ ਨੇੜੇ ਵਾਪਰਿਆ।

ਪਰਿਵਾਰ ਦੀ ਕਾਰ ਅੱਗੇ ਜਾਂਦੇ ਇੱਕ ਟਰੱਕ ਵਿੱਚ ਜਾ ਵੱਜੀ। ਭਾਰਤਮਾਲਾ ਐਕਸਪ੍ਰੈੱਸਵੇਅ ‘ਤੇ ਵਾਪਰਿਆ ਇਹ ਹਾਦਸਾ ਐਨਾ ਭਿਆਨਕ ਸੀ ਕਿ ਕਾਰ ਨੂੰ ਕੱਟ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢਣੀਆਂ ਪਈਆਂ। ਮ੍ਰਿਤਕਾਂ ਦੀ ਪਛਾਣ ਸ਼ਿਵ ਕੁਮਾਰ ਗੁਪਤਾ (47), ਉਸ ਦੀ ਪਤਨੀ ਆਰਤੀ (43), ਦੋ ਲੜਕਿਆਂ ਨੀਰਜ ਗੁਪਤਾ (23) ਤੇ ਖੇਮਚੰੰਦ ਉਰਫ਼ ਡੱਗੂ (12) ਅਤੇ ਦੋ ਲੜਕੀਆਂ ਸੁਨੈਣਾ (21) ਤੇ ਭੂਮੀ (17) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਵਕੁਮਾਰ ਕੁਮਾਰ ਗੁਪਤਾ ਦਾ ਪਰਿਵਾਰ ਮੰਡੀ ਕਿੱਲਿਆਂਵਾਲੀ ਦੇ ਫ਼ਰੀਦ ਨਗਰ ਨੇੜਲੇ ਇਲਾਕੇ ਵਿੱਚ ਰਹਿੰਦਾ ਸੀ। ਪਰਿਵਾਰ ਦਾ ਵੱਡਾ ਲੜਕਾ ਨੀਰਜ ਗੁਪਤਾ ਪੰਜਾਬ-ਹਰਿਆਣਾ ਦੀ ਹੱਦ ‘ਤੇ ਮੈਡੀਕਲ ਸਟੋਰ ਚਲਾਉਂਦਾ ਸੀ। ਉਹ ਆਪਣੇ ਮਾਪਿਆਂ, ਭੈਣਾਂ ਤੇ ਭਰਾ ਸਮੇਤ ਨਵੀਂ ਖਰੀਦੀ ਸਿਆਜ਼ ਕਾਰ ਵਿੱਚ ਸਾਲਾਸਰ ‘ਚ ਸਥਿਤ ਬਾਲਾਜੀ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਰਸਤੇ ਵਿੱਚ ਵਾਪਰੇ ਇਸ ਹਾਦਸੇ ਵਿੱਚ ਪਰਿਵਾਰ ਦੇ ਸਾਰੇ ਜੀਅ ਹਲਾਕ ਹੋ ਗਏ। ਗੁਪਤਾ ਪਰਿਵਾਰ ਦੇ ਜਾਣਕਾਰ ਵਿੱਪਨ ਗਰਗ ਮੁਤਾਬਕ ਨੀਰਜ ਗੁਪਤਾ ਨੇ ਇਹ ਕਾਰ ਦੋ-ਤਿੰਨ ਦਿਨ ਪਹਿਲਾਂ ਹੀ ਖਰੀਦੀ ਸੀ। ਪਿੱਛਿਓਂ ਅਯੁੱਧਿਆ ਨਾਲ ਸਬੰਧਤ ਗੁਪਤਾ ਪਰਿਵਾਰ ਕਈ ਸਾਲਾਂ ਤੋਂ ਮੰਡੀ ਕਿੱਲਿਆਂਵਾਲੀ ਵਿੱਚ ਹੀ ਰਹਿੰਦਾ ਸੀ। ਘਟਨਾ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋਣ ਮਗਰੋਂ ਸ਼ਿਵ ਕੁਮਾਰ ਗੁਪਤਾ ਦੇ ਘਰ ਨੂੰ ਜਿੰਦਰਾ ਲੱਗ ਗਿਆ ਹੈ। ਪਰਿਵਾਰ ਨੇ ਇਹ ਘਰ ਕੁੱਝ ਮਹੀਨੇ ਪਹਿਲਾਂ ਹੀ ਬਣਾਇਆ ਸੀ। ਸ਼ਿਵ ਕੁਮਾਰ ਗੁਪਤਾ ਆਟੋ ਰਿਕਸ਼ਾ ਚਲਾਉਂਦਾ ਸੀ। ਉਸ ਦੀ ਪਤਨੀ ਆਰਤੀ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਦੀ ਸੀ। ਨੀਰਜ ਅਜੇ ਅਣਵਿਆਹਿਆ ਸੀ। ਵੱਡੀ ਲੜਕੀ ਸੁਨੈਣਾ ਨੂੰ ਕੁੱਝ ਮਹੀਨੇ ਪਹਿਲਾਂ ਹੀ ਬਠਿੰਡਾ ਦੇ ਇੱਕ ਨਿੱਜੀ ਬੈਂਕ ਵਿੱਚ ਨੌਕਰੀ ਮਿਲੀ ਸੀ। ਛੋਟੀ ਲੜਕੀ ਭੂਮੀ ਗਿਆਰ੍ਹਵੀਂ ਅਤੇ ਛੋਟਾ ਬੇਟਾ ਡੁੱਗੂ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ। ਗੁਪਤਾ ਪਰਿਵਾਰ ‘ਤੇ ਇੱਕ ਸਾਲ ਪਹਿਲਾਂ ਵੀ ਸ਼ੇਰਗੜ੍ਹ ਨੇੜੇ ਸੜਕ ਹਾਦਸੇ ਦਾ ਕਹਿਰ ਵਾਪਰਿਆ ਸੀ, ਜਿਸ ਵਿੱਚ ਸ਼ਿਵ ਕੁਮਾਰ ਦੇ ਆਟੋ ਚਾਲਕ ਭਰਾ ਅਨਿਲ ਕੁਮਾਰ ਦੀ ਮੌਤ ਹੋ ਗਈ ਸੀ। 

Back to top button