Punjab

ਪੰਜਾਬ ਸਰਕਾਰ ਤਹਿਸੀਲਦਾਰ ਦੀ ਸਪੀਡ ਤੋਂ ਹੈਰਾਨ ! ਕੀਤਾ ਸਸਪੈਂਡ

ਪੰਜਾਬ ਸਰਕਾਰ ਤਹਿਸੀਲਦਾਰ ਦੀ ਸਪੀਡ ਤੋਂ ਹੈਰਾਨ ! ਕੀਤਾ ਸਸਪੈਂਡ

 ਲੁਧਿਆਣਾ ਦੀ ਪੂਰਬੀ ਤਹਿਸੀਲ ਦੇ ਦਫ਼ਤਰ ਵਿੱਚ ਬੈਠ ਕੇ ਜਗਰਾਉਂ ਦੀਆਂ ਛੇ ਵਿਵਾਦਿਤ ਰਜਿਸਟਰੀਆਂ ਕਰਨ ਵਾਲੇ ਤਹਿਸੀਲਦਾਰ ਰਣਜੀਤ ਸਿੰਘ ਦੀ ਰਫ਼ਤਾਰ ਦੇਖ ਕੇ ਪੰਜਾਬ ਸਰਕਾਰ ਵੀ ਹੈਰਾਨ ਹੈ। ਰਣਜੀਤ ਸਿੰਘ ਦੀ ਇਹ ਰਫ਼ਤਾਰ ਉਨ੍ਹਾਂ ਦੀ ਮੁਅੱਤਲੀ ਦਾ ਕਾਰਨ ਵੀ ਬਣੀ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਰਾਗ ਵਰਮਾ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਤਹਿਸੀਲਦਾਰ ਰਣਜੀਤ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਤਹਿਸੀਲਦਾਰ ਰਣਜੀਤ ਸਿੰਘ ਇਸੇ ਮਹੀਨੇ 28 ਫਰਵਰੀ ਨੂੰ ਸੇਵਾਮੁਕਤ ਹੋਣਾ ਸੀ।

ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਇਸ ਤਹਿਸੀਲਦਾਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਕਿਸੇ ਵਿਅਕਤੀ ਨੇ ਮਾਲ ਵਿਭਾਗ ਦੇ ਉੱਚ ਅਫ਼ਸਰਾਂ ਕੋਲ ਇਸ ਤਹਿਸੀਲਦਾਰ ਦੀ ਸ਼ਿਕਾਇਤ ਕੀਤੀ ਸੀ, ਜਿਸ ਦੀ ਮੁੱਢਲੀ ਰਿਪੋਰਟ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਤੋਂ ਲਈ ਗਈ।

ਲੁਧਿਆਣਾ ਦਾ ਹੈ ਵਾਧੂ ਚਾਰਜ

ਰਣਜੀਤ ਸਿੰਘ ਇਸ ਵੇਲੇ ਜਗਰਾਓਂ ਤਹਿਸੀਲ ਵਿਚ ਤਾਇਨਾਤ ਹੈ ਅਤੇ ਉਸ ਕੋਲ ਲੁਧਿਆਣਾ (ਪੂਰਬੀ) ਦਾ ਵਾਧੂ ਚਾਰਜ ਹੈ। ਤਹਿਸੀਲ ਜਗਰਾਓਂ ਤੇ ਲੁਧਿਆਣਾ (ਪੂਰਬੀ) ’ਚ 17 ਜਨਵਰੀ ਨੂੰ ਹੋਈਆਂ ਰਜਿਸਟਰੀਆਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ, ਜਿਨ੍ਹਾਂ ਦੇ ਆਧਾਰ ਉਤੇ ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਹੋਈ ਹੈ। ਇਸ ਤਹਿਸੀਲਦਾਰ ਨੇ 17 ਜਨਵਰੀ ਦੀ ਸ਼ਾਮ ਨੂੰ 5.12 ਵਜੇ ਇੱਕ ਰਜਿਸਟਰੀ ਕੀਤੀ ਜਦੋਂ ਕਿ ਉਸੇ ਦਿਨ ਦੀ ਸ਼ਾਮ ਨੂੰ ਇਸੇ ਤਹਿਸੀਲਦਾਰ ਨੇ ਜਗਰਾਓਂ ਤਹਿਸੀਲ ’ਚ ਸ਼ਾਮ 5.16 ਵਜੇ ਦੂਜੀ ਰਜਿਸਟਰੀ ਕੀਤੀ। ਦੋਹਾਂ ਰਜਿਸਟਰੀਆਂ ’ਚ ਸਿਰਫ਼ ਚਾਰ ਮਿੰਟ ਦਾ ਵਕਫ਼ਾ ਹੈ।

ਰਸਤਾ ਘੱਟੋ-ਘੱਟ ਪੌਣੇ ਘੰਟੇ ਵਿੱਚ ਹੁੰਦਾ ਹੈ ਤੈਅ

ਰਿਪੋਰਟ ਵਿਚ ਲਿਖਿਆ ਹੈ ਕਿ ਇਹ ਸੰਭਵ ਨਹੀਂ ਹੈ ਕਿ ਇੱਕ ਤਹਿਸੀਲਦਾਰ ਸਿਰਫ਼ ਚਾਰ ਮਿੰਟਾਂ ’ਚ ਹੀ ਲੁਧਿਆਣਾ ਤੋਂ ਜਗਰਾਓਂ ਪੁੱਜ ਗਿਆ ਹੋਵੇ। ਦੇਖਿਆ ਜਾਵੇ ਤਾਂ ਲੁਧਿਆਣਾ ਪੂਰਬੀ ਤੋਂ ਜਗਰਾਓਂ ਤਹਿਸੀਲ ਦਾ ਰਸਤਾ ਕਰੀਬ 40 ਕਿਲੋਮੀਟਰ ਬਣਦਾ ਹੈ, ਜਿਹੜਾ ਸੜਕੀ ਰਸਤੇ ਘੱਟੋ-ਘੱਟ ਪੌਣੇ ਘੰਟੇ ਵਿਚ ਤੈਅ ਹੁੰਦਾ ਹੈ। ਸਰਕਾਰੀ ਰਿਪੋਰਟ ਅਨੁਸਾਰ ਇਸ ਤਹਿਸੀਲਦਾਰ ਨੇ ਸਿਰਫ਼ ਚਾਰ ਮਿੰਟਾਂ ’ਚ ਹੀ ਇਹ ਰਸਤਾ ਤੈਅ ਕੀਤਾ ਹੈ। 

Back to top button