
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। 12ਵੀਂ ਜਮਾਤ ਦੇ 91 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਇਸ ਸਾਲ ਨਤੀਜਾ ਪਿਛਲੇ ਸਾਲ ਨਾਲੋਂ 2 ਪ੍ਰਤੀਸ਼ਤ ਘੱਟ ਰਿਹਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 94.32 ਪ੍ਰਤੀਸ਼ਤ ਅਤੇ ਮੁੰਡਿਆਂ ਦੀ 88.08 ਪ੍ਰਤੀਸ਼ਤ ਰਹੀ ਹੈ। 17,844 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਆਈ ਹੈ। ਜਦੋਂ ਕਿ 5,950 ਵਿਦਿਆਰਥੀ ਫੇਲ੍ਹ ਹੋਏ। ਇਸ ਤੋਂ ਇਲਾਵਾ, 88 ਵਿਦਿਆਰਥੀਆਂ ਦੇ ਨਤੀਜੇ ਰੋਕੇ ਗਏ ਹਨ। ਪੇਂਡੂ ਖੇਤਰਾਂ ਦੀ ਪਾਸ ਪ੍ਰਤੀਸ਼ਤਤਾ 91.20 ਪ੍ਰਤੀਸ਼ਤ ਰਹੀ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਇਹ 90.74 ਪ੍ਰਤੀਸ਼ਤ ਰਹੀ। ਇਸ ਸਾਲ ਕੁੱਲ 2,65,388 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।

ਕੁੜੀਆਂ ਨੇ ਮਾਰੀ ਬਾਜ਼ੀ
ਤਿੰਨੋਂ ਟਾਪਰ ਕੁੜੀਆਂ ਹਨ। ਬਰਨਾਲਾ ਦੀ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ। ਹਰਸੀਰਤ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਬਰਨਾਲਾ ਦੀ ਵਿਦਿਆਰਥਣ ਹੈ। ਫਿਰੋਜ਼ਪੁਰ ਦੇ ਕਸੋਆਣਾ ਦੀ ਮਨਵੀਰ ਕੌਰ ਨੇ 500 ਵਿੱਚੋਂ 498 ਅੰਕ (99.6%) ਪ੍ਰਾਪਤ ਕਰਕੇ ਸੂਬੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਹ ਐਸਐਸ ਮੈਮੋਰੀਅਲ ਸੀਨੀਅਰ ਪਬਲਿਕ ਸਕੂਲ ਕਸੋਆਣਾ ਦੀ ਵਿਦਿਆਰਥਣ ਹੈ। ਮਾਨਸਾ ਦੇ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਟੀਖੀ ਦੀ ਵਿਦਿਆਰਥਣ ਅਰਸ਼ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
- ਰੈਂਕ 1. ਹਰਸਿਮਰਤ ਕੌਰ
- ਰੈਂਕ 2. ਮਨਵੀਰ ਕੌਰ
- ਰੈਂਕ 3. ਅਰਸ਼